ਮਹਿਲਾ ਹਾਕੀ ਵਿਸ਼ਵ ਕੱਪ : ਭਾਰਤ ਦਾ ਪਹਿਲਾ ਮੁਕਾਬਲਾ ਇੰਗਲੈਂਡ ਨਾਲ, ਬਦਲਾ ਲੈਣ ਦਾ ਹੈ ਮੌਕਾ

07/03/2022 11:29:12 AM

ਸਪੋਰਟਸ ਡੈਸਕ- ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਦੇ ਪੂਲ-ਬੀ ਦੇ ਆਪਣੇ ਪਹਿਲੇ ਮੈਚ ਵਿਚ ਐਤਵਾਰ ਨੂੰ ਇੰਗਲੈਂਡ ਖ਼ਿਲਾਫ਼ ਉਤਰੇਗੀ ਤਾਂ ਉਸ ਦਾ ਇਰਾਦਾ ਟੋਕੀਓ ਓਲੰਪਿਕ ਵਿਚ ਮਿਲੀ ਹਾਰ ਦਾ ਬਦਲਾ ਲੈਣ ਦਾ ਹੋਵੇਗਾ। ਟੋਕੀਓ ਓਲੰਪਿਕ ਵਿਚ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਇੰਗਲੈਂਡ ਨੇ ਭਾਰਤ ਨੂੰ 4-3 ਨਾਲ ਹਰਾ ਕੇ ਇਤਿਹਾਸਕ ਮੈਡਲ ਜਿੱਤਣ ਤੋਂ ਵਾਂਝਾ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਕਪਤਾਨ ਜਸਪ੍ਰੀਤ ਬੁਮਰਾਹ ਨੇ ਬਣਾਇਆ ਵਰਲਡ ਰਿਕਾਰਡ, ਬ੍ਰਾਡ ਦੇ ਇਕ ਓਵਰ 'ਚ ਆਈਆਂ 35 ਦੌੜਾਂ

ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ ਕਿਉਂਕਿ ਉਹ ਐੱਫਆਈਐੱਚ ਪ੍ਰੋ ਲੀਗ ਵਿਚ ਪਹਿਲੀ ਵਾਰ ਖੇਡਦੇ ਹੋਏ ਤੀਜੇ ਸਥਾਨ 'ਤੇ ਰਹੀ। ਵਿਸ਼ਵ ਕੱਪ ਵਿਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ 1974 ਵਿਚ ਪਹਿਲੇ ਹੀ ਸੈਸ਼ਨ ਵਿਚ ਰਿਹਾ ਜਦ ਟੀਮ ਚੌਥੇ ਸਥਾਨ 'ਤੇ ਰਹੀ ਸੀ। ਟੋਕੀਓ ਵਿਚ ਚੌਥੇ ਸਥਾਨ 'ਤੇ ਰਹਿਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਦੇ ਪ੍ਰਦਰਸ਼ਨ ਦਾ ਗ੍ਰਾਫ ਉੱਚਾ ਹੀ ਜਾ ਰਿਹਾ ਹੈ। ਮਈ ਵਿਚ ਭਾਰਤੀ ਟੀਮ ਐੱਫਆਈਐੱਚ ਰੈਂਕਿੰਗ ਵਿਚ ਛੇਵੇਂ ਸਥਾਨ 'ਤੇ ਪੁੱਜੀ ਜੋ ਉਸ ਦਾ ਹੁਣ ਤਕ ਦਾ ਸਰਬੋਤਮ ਪ੍ਰਦਰਸ਼ਨ ਹੈ। ਇਸ ਤੋਂ ਇਲਾਵਾ ਪ੍ਰਰੋ ਲੀਗ ਵਿਚ ਵੱਡੀਆਂ ਟੀਮਾਂ ਨੂੰ ਸਖ਼ਤ ਚੁਣੌਤੀ ਦਿੱਤੀ। ਭਾਰਤੀ ਟੀਮ ਐੱਫਆਈਐੱਚ ਪ੍ਰਰੋ ਲੀਗ ਵਿਚ ਬੈਲਜੀਅਮ, ਆਸਟ੍ਰੇਲੀਆ ਤੇ ਇੰਗਲੈਂਡ ਤੋਂ ਅੱਗੇ ਰਹੀ।

ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਜੈਵਲਿਨ ਥ੍ਰੋਅ 'ਚ 90 ਮੀਟਰ ਦਾ ਰਿਕਾਰਡ ਤੋੜਣ ਦਾ ਯਕੀਨ

ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੇ ਕਮਾਨ ਚੰਗੀ ਤਰ੍ਹਾਂ ਸੰਭਾਲੀ ਹੈ। ਸੱਟ ਕਾਰਨ ਰਾਣੀ ਰਾਮਪਾਲ ਟੋਕੀਓ ਓਲੰਪਿਕ ਤੋਂ ਬਾਅਦ ਤੋਂ ਟੀਮ ਤੋਂ ਬਾਹਰ ਹੈ। ਸਵਿਤਾ ਖ਼ੁਦ ਸ਼ਾਨਦਾਰ ਲੈਅ ਵਿਚ ਹੈ ਤੇ ਉਨ੍ਹਾਂ ਦਾ ਸਾਥ ਦੇਣ ਲਈ ਨੌਜਵਾਨ ਗੋਲਕੀਪਰ ਬਿਛੂ ਦੇਵੀ ਖਾਰੀਬਾਮ ਹੈ। ਡਿਫੈਂਸ ਵਿਚ ਉੱਪ ਕਪਤਾਨ ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਉਦਿਤਾ ਤੇ ਨਿੱਕੀ ਪ੍ਰਧਾਨ ਹੋਣਗੀਆਂ, ਜਦਕਿ ਮਿਡਫੀਲਡ ਦੀ ਜ਼ਿੰਮੇਵਾਰੀ ਸੁਸ਼ੀਲਾ ਚਾਨੂ, ਨੇਹਾ ਗੋਇਲ, ਨਵਜੋਤ ਕੌਰ, ਸੋਨਿਕਾ, ਜੋਤੀ, ਨਿਸ਼ਾ ਤੇ ਮੋਨਿਕਾ 'ਤੇ ਹੋਵੇਗੀ। ਸਲੀਮਾ ਟੇਟੇ ਵੀ ਬਿਹਤਰੀਨ ਲੈਅ ਵਿਚ ਹੈ। ਹਮਲੇ ਦੀ ਜ਼ਿੰਮੇਵਾਰੀ ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਨੀਤ ਕੌਰ ਤੇ ਸ਼ਰਮੀਲਾ ਦੇਵੀ 'ਤੇ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh