ਮਹਿਲਾ ਬਾਕਸਿੰਗ ''ਚ ਜੇਤੂਆਂ ਨੂੰ ਇਨਾਮ ''ਚ ਮਿਲਣਗੀਆਂ ਦੇਸੀ ਗਾਂਵਾਂ

11/30/2017 2:34:04 PM

ਨਵੀਂ ਦਿੱਲੀ, (ਬਿਊਰੋ)— ਵਰਲਡ ਵੂਮਨ ਯੂਥ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤਣ ਵਾਲੀਆਂ ਹਰਿਆਣੇ ਦੀਆਂ 6 ਮਹਿਲਾ ਮੁੱਕੇਬਾਜ਼ਾਂ ਨੂੰ ਬੁੱਧਵਾਰ ਨੂੰ ਰੋਹਤਕ ਵਿੱਚ ਸਨਮਾਨਿਤ ਕੀਤਾ ਗਿਆ । ਗੁਹਾਟੀ ਵਿੱਚ ਹੋਈ ਇਸ ਚੈਂਪੀਅਨਸ਼ਿਪ ਵਿੱਚ ਹਰਿਆਣਾ ਦੀਆਂ 4 ਮੁੱਕੇਬਾਜ਼ਾਂ ਨੇ ਗੋਲਡ ਅਤੇ 2 ਮੁੱਕੇਬਾਜ਼ਾਂ ਨੇ ਕਾਂਸੀ ਤਗਮੇ ਹਾਸਲ ਕੀਤੇ ਸਨ । ਹਰਿਆਣੇ ਦੇ ਖੇਤੀਬਾੜੀ ਅਤੇ ਪੰਚਾਇਤ ਮੰਤਰੀ ਓਮਪ੍ਰਕਾਸ਼ ਧਨਖੜ ਨੇ ਨੈਸ਼ਨਲ ਬਾਕਸਿੰਗ ਅਕੈਡਮੀ ਵਿੱਚ ਹੋਏ ਇੱਕ ਸਮਾਰੋਹ ਵਿੱਚ ਇਨ੍ਹਾਂ ਮਹਿਲਾ ਮੁੱਕੇਬਾਜ਼ਾਂ ਨੂੰ ਸਨਮਾਨਤ ਕੀਤਾ ਅਤੇ ਦੇਸੀ ਗਾਂ ਦੇ ਰੂਪ 'ਚ ਖਾਸ ਇਨਾਮ ਨੂੰ ਦੇਣ ਦਾ ਐਲਾਨ ਕੀਤਾ ।  

ਗੁਹਾਟੀ ਵਿੱਚ ਵਿਸ਼ਵ ਭਰ ਦੇ ਮੁੱਕੇਬਾਜ਼ਾਂ ਨੇ ਹਿੱਸਾ ਲਿਆ ਸੀ । ਇਸ ਵਿੱਚ ਭਾਰਤ ਨੇ 7 ਤਗਮੇ ਹਾਸਲ ਕੀਤੇ ਸਨ, ਜਿਸ ਵਿੱਚ ਹਰਿਆਣਾ ਨੇ ਇਕੱਲੇ 6 ਤਗਮੇ ਹਾਸਲ ਕੀਤੇ । ਨੀਤੂ ਨੇ 48 ਕਿਲੋਗ੍ਰਾਮ, ਜੋਤੀ ਗੁਲੀਆ ਨੇ 51 ਕਿਲੋਗ੍ਰਾਮ, ਸਾਕਸ਼ੀ ਚੌਧਰੀ ਨੇ 54 ਕਿਲੋਗ੍ਰਾਮ ਅਤੇ ਸ਼ਸ਼ੀ ਚੋਪੜਾ ਨੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਗਮਾ ਹਾਸਲ ਕੀਤਾ । ਅਨੁਪਮਾ ਨੇ 81 ਕਿਲੋਗ੍ਰਾਮ ਅਤੇ ਨੇਹਾ ਨੇ 81 ਕਿਲੋਗ੍ਰਾਮ ਤੋਂ ਜ਼ਿਆਦਾ ਵਿੱਚ ਕਾਂਸੀ ਤਗਮਾ ਹਾਸਲ ਕੀਤਾ ।  

ਬੁੱਧਵਾਰ ਨੂੰ ਇਨ੍ਹਾਂ ਸਾਰੀਆਂ 6 ਮਹਿਲਾ ਮੁੱਕੇਬਾਜ਼ਾਂ ਦਾ ਸਵਾਗਤ ਕਰਨ ਲਈ ਹਰਿਆਣੇ ਦੇ ਖੇਤੀਬਾੜੀ ਅਤੇ ਪੰਚਾਇਤ ਮੰਤਰੀ ਓਮਪ੍ਰਕਾਸ਼ ਧਨਖੜ ਰੋਹਤਕ ਪੁੱਜੇ । ਉਨ੍ਹਾਂ ਨੇ ਕਿਹਾ ਕਿ ਮਹਿਲਾ ਮੁੱਕੇਬਾਜ਼ਾਂ ਨੇ ਭਾਰਤ ਅਤੇ ਹਰਿਆਣਾ ਦਾ ਮਾਣ ਵਧਾਇਆ ਹੈ । ਸਮਾਰੋਹ ਦੇ ਦੌਰਾਨ ਉਨ੍ਹਾਂ ਨੇ ਸਾਰੀਆਂ ਤਗਮਾ ਜੇਤੂ ਮਹਿਲਾ ਮੁੱਕੇਬਾਜ਼ਾਂ ਨੂੰ ਇੱਕ-ਇੱਕ ਦੇਸੀ ਗਾਂ ਇਨਾਮ ਵਿੱਚ ਦੇਣ ਦਾ ਐਲਾਨ ਕੀਤਾ ।