ਸੇਰੇਨਾ ਨੂੰ ਹਰਾ ਕੇ ਕੇਰਬਰ ਪਹਿਲੀ ਵਾਰ ਬਣੀ ਵਿੰਬਲਡਨ ਚੈਂਪੀਅਨ

07/15/2018 12:26:46 AM

ਲੰਡਨ— ਸਾਬਕਾ ਨੰਬਰ ਇਕ ਜਰਮਨੀ ਦੀ ਐਂਜੇਲਿਕ ਕਰਬਰ ਨੇ 7 ਵਾਰ ਦੀ ਚੈਂਪੀਅਨ ਅਮਰੀਕਾ ਦੇ ਸੇਰੇਨਾ ਵਿਲੀਅਮਸ ਨੂੰ ਸ਼ਨੀਵਾਰ ਨੂੰ 6-3, 6-3 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਵਿਚ ਪਹਿਲੀ ਵਾਰ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ।


36 ਸਾਲ ਦੀ ਸੇਰੇਨਾ ਮਾਂ ਬਣਨ ਤੋਂ ਬਾਅਦ ਆਪਣੇ ਪਹਿਲੇ ਗ੍ਰੈਂਡ ਸਲੈਮ ਅਤੇ 8ਵੇਂ ਵਿੰਬਲਡਨ ਖਿਤਾਬ ਦੀ ਭਾਲ ਵਿਚ ਸੀ ਤੇ ਇੱਥੇ ਉਸ ਨੂੰ 25ਵਾਂ ਦਰਜਾ ਮਿਲਿਆ ਸੀ। ਸੇਰੇਨਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿਚ ਪਹੁੰਚੀ ਸੀ ਪਰ ਉਸਦੀ ਮੁਹਿੰਮ ਨੂੰ ਕਰਬਰ ਨੇ ਇੱਥੇ ਰੋਕ ਲਿਆ। ਇਸ ਹਾਰ ਦੇ ਨਾਲ ਸੇਰੇਨਾ ਦਾ 24ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।  ਕਰਬਰ ਨੇ ਪੂਰੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸਾਬਕਾ ਨੰਬਰ ਇਕ ਸੇਰੇਨਾ ਨੂੰ ਕਿਤੇ ਟਿਕਣ ਨਹੀਂ ਦਿੱਤਾ। ਕਰਬਰ 5-3 ਦੇ ਸਕੋਰ 'ਤੇ ਖਿਤਾਬ ਲਈ ਸਰਵਿਸ ਕਰਦੇ ਹੋਏ ਕੁਝ ਨਰਵਸ ਦਿਖਾਈ ਦੇ ਰਹੀ ਸੀ ਪਰ ਉਸ ਦੇ ਪਹਿਲੇ ਚੈਂਪੀਅਨਸ਼ਿਪ ਅੰਕ 'ਤੇ ਸੇਰੇਨਾ ਦਾ ਬੈਕਹੈਂਡ ਜਿਵੇਂ ਹੀ ਨੈੱਟ ਨਾਲ ਟਕਰਾਇਆ ਤਾਂ ਉਹ ਖੁਸ਼ੀ ਵਿਚ ਨੱਚ ਉੱਠੀ।


11ਵਾਂ ਦਰਜਾ ਪ੍ਰਾਪਤ ਕਰਬਰ ਦਾ ਇਹ ਤੀਜਾ ਗ੍ਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ 2016 ਵਿਚ ਆਸਟਰੇਲੀਅਨ ਓਪਨ ਤੇ ਯੂ. ਐੱਸ. ਓਪਨ ਦੇ ਖਿਤਾਬ ਜਿੱਤੇ ਸਨ। ਟਾਪ-10 ਦਰਜਾ ਪ੍ਰਾਪਤ ਖਿਡਾਰੀਆਂ ਦੇ ਬਾਹਰ ਹੋਣ ਤੋਂ ਬਾਅਦ ਕਰਬਰ ਮਹਿਲਾ ਵਰਗ ਵਿਚ ਚੋਟੀ ਦਰਜਾ ਪ੍ਰਾਪਤ ਖਿਡਾਰੀ ਰਹਿ ਗਈ ਸੀ ਤੇ ਉਸ ਨੇ ਆਪਣੇ ਦਰਜੇ ਨਾਲ ਪੂਰਾ ਨਿਆਂ ਕੀਤਾ। ਇਸ ਦੇ ਨਾਲ ਹੀ ਉਹ 1996 ਵਿਚ ਸਟੇਫੀ ਗ੍ਰਾਫ ਦੀ ਕਾਮਯਾਬੀ ਤੋਂ ਬਾਅਦ ਵਿੰਬਲਡਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਜਰਮਨੀ ਖਿਡਾਰੀ ਬਣ ਗਈ।