ਵਿੰਬਲਡਨ : ਨਿਸ਼ੀਕੋਰੀ, ਸੋਂਗਾ ਤੇ ਕੋਂਟਾ ਵੀ ਅੱਗੇ ਵਧੇ

07/06/2017 1:44:22 AM

ਲੰਡਨ— 9ਵੀਂ ਸੀਡ ਜਾਪਾਨ ਦਾ ਕੇਈ ਨਿਸ਼ੀਕੋਰੀ, 12ਵਾਂ ਦਰਜਾ ਫਰਾਂਸ ਦਾ ਜੋ ਵਿਲਫ੍ਰੈੱਡ ਸੋਂਗਾ, ਛੇਵਾਂ ਦਰਜਾ ਬ੍ਰਿਟੇਨ ਦੀ ਜੋਹਾਨਾ ਕੋਂਟਾ ਤੇ ਸਾਬਕਾ ਨੰਬਰ ਇਕ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਬੁੱਧਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਆਪਣੀ ਜੇਤੂ ਲੈਅ ਬਰਕਰਾਰ ਰੱਖਦਿਆਂ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। 
ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਤਿੰਨ ਘੰਟੇ 15 ਮਿੰਟ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਵਿਚ ਯੂਕ੍ਰੇਨ ਦੇ ਸਰਜੇਈ ਸਟਾਖੋਵਸਕੀ ਨੂੰ 6-4, 6-7, 6-1, 7-6 ਨਾਲ ਹਰਾਇਆ। ਸੋਂਗਾ ਨੇ ਦੂਜੇ ਦੌਰ ਦਾ ਮੁਕਾਬਲਾ ਆਸਾਨੀ ਨਾਲ ਜਿੱਤਿਆ। ਉਸ ਨੇ ਇਟਲੀ ਦੇ ਸਾਈਮਨ ਬੋਲੇਲੀ ਨੂੰ 6-1, 7-5, 6-2 ਨਾਲ ਹਰਾਇਆ। ਮੇਜ਼ਬਾਨ ਬ੍ਰਿਟੇਨ ਲਈ ਬੁੱਧਵਾਰ ਦੋਹਰੀ ਖੁਸ਼ੀ ਦਾ ਦਿਨ ਰਿਹਾ। ਉਸ ਦੀਆਂ ਦੋ ਖਿਡਾਰਨਾਂ ਜੋਹਨਾ ਕੋਂਟਾ ਤੇ ਹੀਥਰ ਵਾਟਸਨ ਨੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ। ਕੋਂਟਾ ਨੇ ਕ੍ਰੋਏਸ਼ੀਆ ਦੀ ਡੋਨਾ ਵੇਕੀਚ ਨੂੰ 7-6, 4-6, 10-8 ਨਾਲ ਹਰਾਇਆ ਜਦਕਿ ਵਾਟਸਨ ਨੇ ਅਨਸਤਸਿਜਾ ਸੇਵਸਤੋਵਾ ਨੂੰ 6-0, 6-4 ਨਾਲ ਹਰਾਇਆ।
ਵਾਟਸਨ ਦਾ ਤੀਜੇ ਦੌਰ ਵਿਚ ਸਾਬਕਾ ਨੰਬਰ ਇਕ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ 15ਵੀਂ ਸੀਡ ਰੂਸ ਦੀ ਏਲੀਨਾ ਵੇਸਨੀਨਾ ਨੂੰ 6-3, 6-3 ਨਾਲ ਹਰਾਇਆ। ਅਜਾਰੇਂਕਾ ਦਾ ਦਸੰਬਰ ਵਿਚ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਇਹ ਦੂਜਾ ਟੂਰਨਾਮੈਂਟ ਹੈ। 
18ਵੀਂ ਸੀਜ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਨੇ ਜਰਮਨ ਕੁਆਲੀਫਾਇਰ ਪੀਟਰ ਗੋਜੋਵਿਕ ਨੂੰ 6-2, 6-1, 3-6, 6-3 ਨਾਲ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ। ਅੱਠਵਾਂ ਦਰਜਾ ਡੋਮਿਨਿਕ ਸਿਬੁਲਕੋਵਾ ਨੇ 16 ਵਿਨਰਸ ਲਗਾਉਂਦਿਆਂ ਅਮਰੀਕਾ ਦੀ ਜੇਨਿਫਰ ਬ੍ਰਾਡੀ ਨੂੰ 6-4, 6-4 ਨਾਲ ਹਰਾਇਆ। 16ਵੀਂ ਸੀਡ ਲਗਜ਼ਬਮਰਗ ਦੇ ਜਾਇਲਸ ਮਿਊਲਰ ਨੇ ਚੈੱਕ ਗਣਰਾਜ ਦੇ ਲੁਕਾਸ ਰੋਸੋਲ ਨੂੰ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਵਿਚ 7-6, 6-7, 4-6, 6-3, 9-7 ਨਾਲ ਹਰਾਇਆ। ਮਹਿਲਾਵਾਂ ਵਿਚ ਜਾਪਾਨ ਦੇ ਨਾਓਮੀ ਓਸਾਕਾ ਨੇ 22ਵੀਂ ਸੀਡ ਚੈੱਕ ਗਣਰਾਜ ਦੀ ਬਾਰਬੋਰਾ ਸਟ੍ਰਾਇਕੋਵਾ ਨੂੰ 6-1, 0-6, 6-4 ਨਾਲ ਹਰਾ ਕੇ ਇਕ ਉਲਟਫੇਰ ਕਰ ਦਿੱਤਾ।
ਇਸ ਤੋਂ ਪਹਿਲਾਂ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ਵਿਚ 19ਵਾਂ ਦਰਜਾ ਫੇਲਿਸ਼ਿਆਨੋ ਲੋਪੇਜ ਰਿਟਾਇਰਡ ਹਰਟ ਹੋ ਗਿਆ ਪਰ 11ਵਾਂ ਦਰਜਾ ਚੈੱਕ ਗਣਰਾਜ ਦੇ ਟਾਮਸ ਬਰਡੀਚ ਨੇ ਫਰਾਂਸ ਦੇ ਜੇਰੇਮੀ ਚਾਰਡੀ ਨੂੰ 6-3, 3-6, 6-7, 6-4 ਨਾਲ ਹਰਾਇਆ। ਅੱਠਵੀਂ ਸੀਡ ਆਸਟ੍ਰੀਆ ਦੇ ਡੋਮਿਨਿਕ ਥਿਏਮ ਨੇ ਕੈਨੇਡਾ ਦੇ ਵਾਸੇਕ ਪੋਸਪਿਸਿਲ ਨੂੰ 6-4, 6-4, 6-3 ਨਾਲ, 13ਵੀਂ ਸੀਡ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰਵ ਨੇ ਡਿਏਗੋ ਸ਼ਵਾਟਜਰਮਨ ਨੂੰ 7-6, 6-2, 6-2 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾਈ। ਮਹਿਲਾ ਸਿੰਗਲਜ਼ ਵਿਚ ਸੱਤਵੀਂ ਸੀਡ ਰੂਸ ਦੀ ਸਵੇਤਲਾਨਾ ਕੁਜਨੇਸਤੋਵਾ ਨੇ ਟਿਊਨੇਸ਼ੀਆ ਦੀ ਓਂਸ ਜਾਬਿਊਰ ਨੂੰ 6-3, 6-2 ਨਾਲ, 32ਵੀਂ ਸੀਡ ਲੂਸੀ ਸਫਾਰੋਵਾ ਨੇ ਓਸ਼ਨ ਡੋਡਿਨ ਨੂੰ 6-2, 6-2 ਨਾਲ ਤੇ ਪੰਜਵਾਂ ਦਰਜਾ ਡੈੱਨਮਾਰਕ ਦੀ ਕੈਰੋਲਿਨਾ ਵੋਜਨਿਆਕੀ ਨੇ ਟਿਮਿਆ ਬਾਬੇਸ ਨੂੰ 6-4, 4-6, 6-1 ਨਾਲ ਹਰਾਇਆ।
19ਵਾਂ ਦਰਜਾ ਸਵਿਸ ਖਿਡਾਰੀ ਟਿਮੀਆ ਬਾਸਿੰਝਕੀ ਨੇ ਰੀਓ ਓਲੰਪਿਕ ਖੇਡਾਂ ਦੀ ਸੋਨ ਤਮਗਾ ਜੇਤੂ ਮੋਨਿਕਾ ਪੁਇਗ ਨੂੰ 6-1, 3-6, 6-0 ਨਾਲ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾਈ। 12ਵੀਂ ਸੀਡ ਕ੍ਰਿਸਟੀਨਾ ਮਲਾਦੇਨੋਵਿਚ, ਤੀਜੀ ਸੀਡ ਚੈੱਕ ਖਿਡਾਰੀ ਕੈਰੋਲੀਨਾ ਪਿਲਸਕੋਵਾ ਨੇ ਇਵੇਜਿਨੀਆ ਰੋਡਿਨਾ ਨੂੰ 6-1, 6-4 ਨਾਲ ਤੇ 9ਵੀਂ ਸੀਡ ਐਗਨਸਕਾ ਰਦਵਾਂਸਕਾ ਨੇ ਯੇਲੇਨਾ ਜਾਂਕੋਵਿਚ ਨੂੰ 7-6, 6-0 ਨਾਲ ਹਰਾਇਆ।