ਕੀ ਧੋਨੀ ਵਿਸ਼ਵ ਕੱਪ ਤੋਂ ਬਾਅਦ ਹੋਵੇਗਾ ''ਰਿਟਾਇਰ''

06/25/2019 9:25:48 PM

ਨਵੀਂ ਦਿੱਲੀ- ਇੰਗਲੈਂਡ 'ਚ ਚੱਲ ਰਹੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਭਾਰਤ ਵਲੋਂ ਵਿਕਟਕੀਪਿੰਗ ਕਰ ਰਿਹਾ ਮਹਿੰਦਰ ਸਿੰਘ ਧੋਨੀ ਕੀ ਇਸ ਟੂਰਨਾਮੈਂਟ ਤੋਂ ਬਾਅਦ ਰਿਟਾਇਰ ਹੋਵੇਗਾ? ਇਹ ਇਸ ਸਮੇਂ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਧੋਨੀ ਨੂੰ ਖੁਦ ਹੀ ਸੰਨਿਆਸ ਲੈ ਲੈਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਬੱਲੇ ਤੇ ਵਿਕਟਾਂ ਦੇ ਪਿੱਛੇ ਉਸ ਦਾ ਪ੍ਰਦਰਸ਼ਨ ਠੀਕ ਨਹੀਂ ਹੈ। ਧੋਨੀ 7 ਜੁਲਾਈ ਨੂੰ 38 ਸਾਲਾਂ ਦਾ ਹੋ ਰਿਹਾ ਹੈ ਤੇ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਇਹ ਇਕ ਸਹੀ ਉਮਰ ਹੁੰਦੀ ਹੈ। 
ਧੋਨੀ ਦੇ ਹੱਥ ਤੇ ਅੱਖਾਂ ਗਜ਼ਬ ਦੀ ਫੁਰਤੀ ਨਾਲ ਕੰਮ ਕਰਦੀਆਂ ਹਨ ਪਰ ਉਸ ਦੇ ਹੈਲੀਕਾਪਟਰ ਸ਼ਾਟ ਹੁਣ ਕੰਮ ਨਹੀਂ ਕਰ ਰਹੇ। ਧੋਨੀ ਨੇ ਬੰਗਲਾਦੇਸ਼ ਵਿਰੁੱਧ ਅਭਿਆਸ ਮੈਚ 'ਚ 78 ਗੇਂਦਾਂ 'ਤੇ 113 ਦੌੜਾਂ ਬਣਾਈਆਂ ਸਨ ਪਰ ਅਫਗਾਨਿਸਤਾਨ ਵਿਰੁੱਧ ਮੈਚ ਵਿਚ 52 ਗੇਂਦਾਂ 'ਤੇ ਸਿਰਫ 28 ਦੌੜਾਂ ਬਣਾਉਣ ਤੋਂ ਬਾਅਦ ਉਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਕੀ ਧੋਨੀ ਇਸ ਵਿਸ਼ਵ ਕੱਪ ਤੋਂ ਬਾਅਦ  ਸੰਨਿਆਸ ਲਵੇਗਾ, ਮੀਡੀਆ ਪਿਛਲੇ 2 ਸਾਲਾਂ ਤੋਂ ਇਨ੍ਹਾਂ ਅਟਕਲਾਂ ਨੂੰ ਆਵਾਜ਼ ਦੇ ਰਿਹਾ ਹੈ।


ਸਚਿਨ ਤੇਂਦੁਲਕਰ, ਕਪਿਲ ਦੇਵ ਤੇ ਧੋਨੀ ਸੰਭਾਵਿਤ ਦੇਸ਼ ਵਿਚ ਸਭ ਤੋਂ ਪ੍ਰਸਿੱਧ ਕ੍ਰਿਕਟਰ ਮੰਨੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਸਚਿਨ ਤੇ ਕਪਿਲ ਦੇਵ ਨੂੰ ਸਮੇਂ 'ਤੇ ਹੀ ਸੰਨਿਆਸ ਲੈ ਲੈਣਾ ਚਾਹੀਦਾ ਸੀ ਪਰ ਕਪਿਲ ਦੇਵ ਨੇ ਰਿਚਰਡਸ ਹੈਡਲੀ ਦੀਆਂ 431 ਵਿਕਟਾਂ ਦੇ ਰਿਕਾਰਡ ਨੂੰ ਤੋੜਨ ਲਈ 2 ਸਾਲ ਵਾਧੂ ਗੇਂਦਬਾਜ਼ੀ ਕੀਤੀ ਸੀ ਅਤੇ ਸਚਿਨ ਨੇ ਵੀ ਆਪਣੇ 100 ਸੈਂਕੜੇ ਤੇ 200 ਕੌਮਾਂਤਰੀ ਟੈਸਟ ਮੈਚਾਂ ਲਈ ਸੰਨਿਆਸ ਲੈਣ ਵਿਚ ਦੇਰੀ ਕਰ ਦਿੱਤੀ ਸੀ। ਸਚਿਨ ਨੇ ਆਪਣਾ 100ਵਾਂ ਕੌਮਾਂਤਰੀ ਸੈਂਕੜਾ ਬਣਾਉਣ ਲਈ 370 ਮੈਚ ਤੇ 33 ਪਾਰੀਆਂ ਦਾ ਇੰਤਜ਼ਾਰ ਕੀਤਾ ਸੀ।
ਧੋਨੀ ਦੀ ਅਗਵਾਈ ਵਿਚ ਭਾਰਤ ਨੇ 2007 ਵਿਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ ਤੇ ਉਸ ਦੀ ਹੀ ਕਪਤਾਨੀ ਵਿਚ ਫਿਰ ਭਾਰਤ ਨੇ ਵਨ ਡੇ ਵਿਸ਼ਵ ਕੱਪ ਦੂਜੀ ਵਾਰ ਆਪਣੇ ਨਾਂ ਕੀਤਾ। 2013 ਵਿਚ ਧੋਨੀ ਦੀ ਕਪਤਾਨੀ ਵਿਚ ਭਾਰਤ ਆਈ. ਸੀ. ਸੀ. ਚੈਂਪੀਅਨਸ ਟਰਾਫੀ ਵਿਚ ਚੈਂਪੀਅਨ ਬਣਿਆ ਸੀ ਤੇ ਉਸ ਦੀ ਕਪਤਾਨੀ ਵਿਚ ਭਾਰਤ 18 ਮਹੀਨੇ ਟੈਸਟ ਰੈਂਕਿੰਗ ਵਿਚ ਨੰਬਰ ਇਕ 'ਤੇ ਰਿਹਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਧੋਨੀ ਨੂੰ ਕਪਿਲ ਦੇਵ ਤੇ ਸਚਿਨ ਦੀ ਤਰ੍ਹਾਂ ਗਲਤੀ ਨਾ ਕਰਦੇ ਹੋਏ ਸਹੀ ਸਮੇਂ 'ਤੇ ਹੀ ਸੰਨਿਆਸ ਦਾ ਐਲਾਨ ਕਰ ਦੇਣਾ ਚਾਹੀਦਾ ਹੈ।

Gurdeep Singh

This news is Content Editor Gurdeep Singh