ਸ਼ਾਰਾਪੋਵਾ ਨੂੰ ਰੋਜਰਸ ਕੱਪ ਲਈ ਵਾਈਲਡ ਕਾਰਡ

05/25/2017 12:45:47 AM


ਟੋਰਾਂਟੋ— ਸਾਬਕਾ ਨੰਬਰ ਇਕ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਭਾਵੇਂ ਹੀ ਗ੍ਰੈਂਡ ਸਲੈਮ ਓਪਨ ਲਈ ਵਾਈਲਡ ਕਾਰਡ ਨਾ ਮਿਲ ਸਕਿਆ ਹੋਵੇ ਪਰ ਅਗਸਤ 'ਚ ਹੋਣ ਵਾਲੇ ਰੋਜਰਸ ਕੱਪ ਟੈਨਿਸ ਟੁਰਨਾਮੈਂਟ 'ਚ ਆਯੋਜਕਾਂ ਨੇ ਉਸ ਨੂੰ ਵਾਈਲਡ ਕਾਰਡ ਐਂਟਰੀ ਦੇਣ ਦਾ ਫੈਸਲਾ ਕੀਤਾ ਹੈ।
ਸ਼ਾਰਾਪੋਵਾ ਨੇ ਪਿਛਲੇ ਮਹੀਨੇ ਹੀ 15 ਮਹੀਨਿਆਂ ਦੀ ਡੋਪਿੰਗ 'ਚ ਮੁਅੱਤਲੀ ਝੱਲਣ ਤੋਂ ਬਾਅਦ ਕੋਰਟ 'ਤੇ ਵਾਪਸੀ ਕੀਤੀ ਹੈ। ਪਿਛਲੇ ਸਾਲ ਆਸਟ੍ਰੇਲੀਅਨ ਓਪਨ 'ਚ ਉਸ ਨੂੰ ਪਾਬੰਦੀਸ਼ੁਦਾ ਦਵਾਈਆਂ ਦਾ ਸੇਵਨ ਕਰਨ ਦੀ ਦੋਸ਼ੀ ਪਾਇਆ ਗਿਆ ਸੀ। ਰੂਸੀ ਖਿਡਾਰਨ ਨੂੰ ਹੁਣ ਤਕ ਤਿੰਨ ਡਬਲਯੂ.ਟੀ.ਏ. ਟੂਰਨਾਮੈਂਟਾਂ 'ਚ ਵਾਈਲਡ ਕਾਰਡ ਦਿੱਤੇ ਜਾ ਚੁੱਕੇ ਹਨ।
ਸ਼ਾਰਾਪੋਵਾ ਮੁਅੱਤਲੀ ਕਾਰਨ ਵਿਸ਼ਵ ਰੈਂਕਿੰਗ ਵਿਚ 200 ਤੋਂ ਵੀ ਹੇਠਲੇ ਸਥਾਨ 'ਤੇ ਖਿਸਕ ਗਈ ਹੈ, ਜਿਸ ਕਾਰਨ ਉਸ ਨੂੰ ਹੁਣ ਕਿਸੇ ਵੀ ਟੂਰਨਾਮੈਂਟ 'ਚ ਖੇਡਣ ਲਈ ਵਾਈਲਡ ਕਾਰਡ ਦਾ ਹੀ ਸਹਾਰਾ ਹੈ। ਪਿਛਲੇ ਹਫਤੇ ਉਹ ਆਪਣੇ ਪਹਿਲੇ ਟੂਰਨਾਮੈਂਟ ਸਟੱਟਗਾਰਟ 'ਚ ਸੈਮੀਫਾਈਨਲ ਤਕ ਪਹੁੰਚੀ ਸੀ ਪਰ ਉਸ ਨੂੰ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਲਈ ਆਯੋਜਕਾਂ ਨੇ ਵਾਈਲਡ ਕਾਰਡ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਰੂਸੀ ਖਿਡਾਰਨ ਇਥੇ ਦੋ ਵਾਰ ਚੈਂਪੀਅਨ ਰਹਿ ਚੁੱਕੀ ਹੈ।
ਟੈਨਿਸ ਜਗਤ ਵਿਚ ਵੱਡਾ ਨਾਂ ਤੇ ਕਮਾਈ ਦੇ ਮਾਮਲੇ ਵਿਚ ਇਕ ਸਮੇਂ ਅਮਰੀਕਾ ਦੀ ਧਾਕੜ ਸੇਰੇਨਾ ਵਿਲੀਅਮਸ ਤੋਂ ਵੀ ਅੱਗੇ ਰਹੀ ਸ਼ਾਰਾਪੋਵਾ ਹੁਣ ਜੁਲਾਈ ਵਿਚ ਹੋਣ ਵਾਲੇ ਵਿੰਬਲਡਨ ਟੂਰਨਾਮੈਂਟ ਲਈ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰੋਜਰਸ ਕੱਪ ਲਈ ਉਸ ਨੂੰ ਵਾਈਲਡ ਕਾਰਡ ਐਂਟਰੀ ਦਿੱਤੀ ਗਈ ਹੈ, ਜਿਸ ਨੂੰ ਅਮਰੀਕਾ ਵਿਚ ਹੋਣ ਵਾਲੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਲਈ ਅਹਿਮ ਅਭਿਆਸ ਟੂਰਨਾਮੈਂਟ ਮੰਨਿਆ ਜਾਂਦਾ ਹੈ।