ਜਵਾਲਾ ਗੁੱਟਾ ਨੂੰ ਗੁੱਸਾ ਕਿਉਂ ਆਉਂਦਾ ਹੈ?

08/01/2017 5:02:38 AM

ਨਵੀਂ ਦਿੱਲੀ— ਭਾਰਤੀ ਮਹਿਲਾ ਡਬਲਜ਼ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਉਸ ਸਮੇਂ ਬੇਹੱਦ ਭੜਕ ਗਈ ਜਦੋਂ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਉਸ ਦੀ ਮਾਂ ਨੂੰ ਮੋਦੀ ਵਿਰੋਧੀ ਕਹਿਣਾ ਸ਼ੁਰੂ ਕਰ ਦਿੱਤਾ। ਦੋ ਵਾਰ ਦੀ ਓਲੰਪੀਅਨ ਜਵਾਲਾ ਦੀ ਮਾਂ ਯੇਲਨ ਚੀਨ ਦੇ ਤਿਯਾਂਜਿਨ ਵਿਚ ਪੈਦਾ ਹੋਈ ਸੀ ਤੇ ਉਸ ਨੇ ਹੈਦਰਾਬਾਦ ਦੇ ਕ੍ਰਾਂਤੀ ਗੁਪਤਾ ਨਾਂ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ। ਟਵਿਟਰ 'ਤੇ ਇਕ ਯੂਜ਼ਰ ਨੇ ਉਸ 'ਤੇ ਦੋਸ਼ ਲਾਇਆ ਕਿ ਉਹ ਇਸ ਲਈ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਬੋਲਦੀ ਹੈ।
ਯੂਜ਼ਰ ਦੇ ਇਸ ਟਵੀਟ 'ਤੇ ਬੈਡਮਿੰਟਨ ਸਟਾਰ ਭੜਕ ਗਈ ਤੇ ਉਸ ਨੇ ਇਸ ਦਾ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਅਜਿਹੀਆਂ ਗੱਲਾਂ ਕਰਨ ਤੋਂ ਪਹਿਲਾਂ ਲੋਕਾਂ ਨੂੰ ਫਿਰ ਤੋਂ ਸੋਚਣਾ ਚਾਹੀਦਾ ਹੈ। ਜਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਕੁਝ ਵੀ ਬੋਲਣ ਤੋਂ ਪਹਿਲਾਂ ਦੋ ਵਾਰ ਸੋਚਣਾ ਚਾਹੀਦਾ ਹੈ।
ਉਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਉਸ ਦੀ ਮਾਂ ਨੂੰ ਵਿਚਾਲੇ ਲਿਆਉਣਾ ਠੀਕ ਨਹੀਂ ਹੈ। ਜਵਾਲਾ ਨੇ ਦੂਜੇ ਟਵੀਟ ਵਿਚ ਲਿਖਿਆ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡੇ ਲਈ ਮੇਰੇ ਅੰਦਰ ਜਿਹੜਾ ਸਨਮਾਨ ਸੀ, ਉਹ ਹੁਣ ਨਹੀਂ ਹੈ, ਇਸ ਲਈ ਤੁਸੀਂ ਮੇਰੇ ਤੋਂ ਕਿਸੇ ਵੀ ਤਰ੍ਹਾਂ ਦੇ ਜਵਾਬ ਦੀ ਉਮੀਦ ਨਾ ਰੱਖੋ।
ਦੂਜੀ ਗੱਲ ਇਹ ਹੈ ਕਿ ਤੁਹਾਨੂੰ ਕੁਝ ਕਹਿਣਾ ਹੈ ਤਾਂ ਸਿੱਧਾ ਮੈਨੂੰ ਕਹੋ।
ਇਕ ਯੂਜ਼ਰ ਨੇ ਲਿਖਿਆ ਕੀ ਤੁਸੀਂ ਇਹ ਕਦੇ ਨਹੀਂ ਮੰਨਦੇ ਕਿ ਜੇਕਰ ਤੁਸੀਂ ਚੀਨ ਦੇ ਨਾਗਰਿਕ ਹੁੰਦੇ ਤਾਂ ਬੈਡਮਿੰਟਨ ਵਿਚ ਤੁਹਾਡੇ ਲਈ ਜ਼ਿਆਦਾ ਮੌਕੇ ਹੁੰਦੇ।
ਜਵਾਲਾ ਨੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ ਮੈਨੂੰ ਭਾਰਤੀ ਹੋਣ 'ਤੇ ਮਾਣ ਹੈ ਤੇ ਦੇਸ਼ ਵਿਚ ਖੇਡਾਂ ਵਿਚ ਸੁਧਾਰ ਲਿਆਉਣ ਲਈ ਮੈਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੀ।