...ਜਦੋ ਯੁਵਰਾਜ ਸਿੰਘ ਨੇ ਪਿੱਚ ''ਤੇ ਉਲਟੀਆਂ ਕਰਦੇ ਹੋਏ ਖੇਡੀ ਸੀ ਜੇਤੂ ਪਾਰੀ

03/20/2020 9:14:21 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਸਾਲ 2011 'ਚ ਅੱਜ ਹੀ ਦੇ ਦਿਨ (20 ਮਾਰਚ) ਭਾਰਤ ਨੂੰ ਵਿਸ਼ਵ ਕੱਪ ਦੇ ਗਰੁੱਪ-ਸਟੇਜ ਮੈਚ 'ਚ ਜਿੱਤ ਹਾਸਲ ਕਰਵਾਉਣ 'ਚ ਅਹਿਮ ਭੂਮੀਕਾ ਨਿਭਾਈ ਸੀ। ਬੀਮਾਰ ਹੋਣ ਦੇ ਬਾਵਜੂਦ ਯੁਵਰਾਜ ਸਿੰਘ ਮੈਦਾਨ 'ਤੇ ਉਤਰੇ ਤੇ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਗੇਂਦਬਾਜ਼ੀ 'ਚ ਵੀ ਕਮਾਲ ਦਿਖਾਇਆ ਸੀ ਤੇ ਭਾਰਤ ਨੇ ਜਿੱਤ ਹਾਸਲ ਕੀਤੀ ਸੀ। ਇਸ ਦੌਰਾਨ ਯੁਵਰਾਜ ਨੇ ਪਿੱਚ 'ਤੇ ਕਈ ਵਾਰ ਉਲਟੀਆਂ ਵੀ ਕੀਤੀਆਂ ਤੇ ਉਸਦੀ ਸਿਹਤ ਖਰਾਬ ਸੀ ਪਰ ਮੈਦਾਨ 'ਤੇ ਡਟੇ ਰਹੇ।


ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਟੀਮ ਦੀਆਂ 51 ਦੌੜਾਂ 'ਤੇ 2 ਵਿਕਟਾਂ ਡਿੱਗ ਚੁੱਕੀਆਂ ਸਨ। ਇਸ ਤੋਂ ਬਾਅਦ ਯੁਵਰਾਜ ਤੇ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ ਤੇ ਤੀਜੀ ਵਿਕਟ ਲਈ 122 ਦੌੜਾਂ ਬਣਾਈਆਂ। ਕੋਹਲੀ ਇਸ ਦੌਰਾਨ ਅਰਧ ਸੈਂਕੜਾ (59) ਲਗਾ ਕੇ ਆਊਟ ਹੋ ਗਿਆ ਪਰ ਯੁਵਰਾਜ ਸਿੰਘ ਨਹੀਂ ਰੁੱਕੇ। ਯੁਵਰਾਜ ਨੇ ਕਈ ਵਾਰ ਪਿੱਚ 'ਤੇ ਉਲਟੀਆਂ ਕੀਤੀਆਂ ਜੋ ਸਾਫ ਦਿਖਾਈ ਦੇ ਰਿਹਾ ਸੀ ਕਿ ਉਹ ਠੀਕ ਨਹੀਂ ਹੈ ਪਰ ਇਸਦੇ ਬਾਵਜੂਦ ਉਨ੍ਹਾਂ ਨੇ 10 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 113 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ।


ਭਾਰਤ ਨੇ ਇਸ ਦੌਰਾਨ 268 ਦੌੜਾਂ ਬਣਾਈਆਂ। ਬੱਲੇ ਤੋਂ ਬਾਅਦ ਯੁਵਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਯੁਵਰਾਜ ਨੇ ਡੇਵੋਨ ਥਾਮਸ ਤੇ ਆਂਦਰੇ ਰਸੇਲ ਦੇ ਰੂਪ 'ਚ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਭਾਰਤ ਨੇ ਇਸ ਮੈਚ 'ਚ 80 ਦੌੜਾਂ ਨਾਲ ਜਿੱਤ ਹਾਸਲ ਕੀਤੀ ਤੇ ਇਸ ਜਿੱਤ 'ਚ ਯੁਵਰਾਜ ਦੀ ਅਹਿਮ ਭੂਮੀਕਾ ਰਹੀ। ਵਿਸ਼ਵ ਕੱਪ 2011 ਦੇ ਦੌਰਾਨ ਯੁਵਰਾਜ ਨੇ 362 ਦੌੜਾਂ ਬਣਾਈਆਂ ਸਨ ਤੇ 15 ਵਿਕਟਾਂ ਆਪਣੇ ਨਾਂ ਕੀਤੀਆਂ।


ਜ਼ਿਕਰਯੋਗ ਹੈ ਕਿ ਯੁਵਰਾਜ ਨੇ ਆਪਣੇ ਕਰੀਅਰ ਦੇ ਦੌਰਾਨ 304 ਵਨ ਡੇ, 58 ਟੀ-20 ਅੰਤਰਰਾਸ਼ਟਰੀ ਤੇ 40 ਟੈਸਟ ਮੈਚ ਖੇਡੇ । ਇਸ ਦੌਰਾਨ ਕ੍ਰਮਵਾਰ 8701 ਦੌੜਾਂ, 1177 ਦੌੜਾਂ ਤੇ 1900 ਦੌੜਾਂ ਬਣਾਈਆਂ।

Gurdeep Singh

This news is Content Editor Gurdeep Singh