...ਜਦੋਂ ਨਹਾਉਣ ਤੋਂ ਬਾਅਦ ਕਪਿਲ ਦੇਵ ਆਇਆ ਮੈਦਾਨ ''ਤੇ, ਬਣਾ ਦਿੱਤੀਆਂ 175 ਦੌੜਾਂ

06/18/2020 3:31:02 AM

ਨਵੀਂ ਦਿੱਲੀ- 1983 ਦਾ ਕ੍ਰਿਕਟ ਵਿਸ਼ਵ ਕੱਪ ਭਾਰਤੀ ਟੀਮ ਤਦ ਜਿੱਤ ਸਕੀ ਸੀ ਜਦੋਂ ਕਪਿਲ ਦੇਵ ਨੇ ਟਨਬ੍ਰਿਜ ਵੇਲਸ ਵਿਚ 175 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਵਿਸ਼ਵ ਕੱਪ ਤੋਂ ਬਾਹਰ ਹੋਣ ਤੋਂ ਬਚਾ ਲਿਆ ਸੀ। ਅਹਿਮ ਮੁਕਾਬਲੇ ਵਿਚ ਜ਼ਿੰਬਾਬਵੇ ਵਿਰੁੱਧ ਭਾਰਤੀ ਟੀਮ 10 ਦੌੜਾਂ 'ਤੇ ਹੀ 4 ਵਿਕਟਾਂ ਗੁਆ ਚੁੱਕੀ ਸੀ। ਅਜਿਹੇ ਸਮੇਂ ਵਿਚ ਕਪਿਲ ਦੇਵ ਮੈਦਾਨ 'ਤੇ ਆਇਆ ਤੇ 138 ਗੇਂਦਾਂ 'ਤੇ 16 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 175 ਦੌੜਾਂ ਬਣਾ ਦਿੱਤੀਆਂ। ਭਾਰਤ ਨੇ ਪਾਰੀ ਵਿਚ 266 ਦੌੜਾਂ ਬਣਾਈਆਂ। ਇਨ੍ਹਾਂ ਵਿਚੋਂ 66 ਫੀਸਦੀ ਦੌੜਾਂ ਕਪਿਲ ਦੇਵ ਦੀਆਂ ਹੀ ਸਨ। ਉਕਤ ਮੈਚ ਦੇ ਨਾਲ ਇਕ ਰੋਮਾਂਚਕ ਕਿੱਸਾ ਵੀ ਜੁੜਿਆ ਹੈ।


ਦਰਅਸਲ ਕਪਿਲ ਦੇਵ ਟਾਸ ਜਿੱਤਣ ਤੋਂ ਬਾਅਦ ਨਹਾਉਣ ਲਈ ਆਪਣੇ ਪੈਵੇਲੀਅਨ ਚਲਾ ਗਿਆ ਸੀ। ਇਸ ਵਿਚਾਲੇ ਭਾਰਤੀ ਟੀਮ ਦੇ ਮੈਂਬਰ ਇਕ-ਇਕ ਕਰਕੇ ਵਾਪਸ ਪਰਤਣ ਲੱਗੇ। ਜਦੋਂ ਤੱਕ ਕਪਿਲ ਨਹਾਇਆ, ਭਾਰਤੀ ਟੀਮ 4 ਵਿਕਟਾਂ ਗੁਆ ਚੁੱਕੀ ਸੀ। ਅਜਿਹੇ 'ਚ ਕਪਿਲ ਨੇ ਬੱਲਾ ਫੜਿਆ ਤੇ ਭਾਰਤ ਵਲੋਂ ਇਤਿਹਾਸਕ ਪਾਰੀ ਖੇਡੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਲਈ ਉਕਤ ਮੈਚ ਵਿਚ ਗਾਵਸਕਰ ਤੇ ਸ਼੍ਰੀਕਾਂਤ ਓਪਨਿੰਗ 'ਤੇ ਆਏ ਸਨ। ਦੋਵੇਂ ਬੱਲੇਬਾਜ਼ ਖਾਤਾ ਵੀਂ ਨਹੀਂ ਖੋਲ ਸਕੇ। ਇਸ ਤੋਂ ਬਾਅਦ ਅਮਨਾਥ 5, ਸੰਦੀਪ ਪਾਟਿਲ 1 ਤੇ ਯਸ਼ਪਾਲ ਸ਼ਰਮਾ 9 ਦੌੜਾਂ 'ਤੇ ਚੱਲਦੇ ਬਣੇ। ਕਪਿਲ ਨੇ ਰੋਜਰ ਬਿੰਨੀ (22), ਸੱਯਦ ਕਿਰਮਾਨੀ (24) ਦੇ ਨਾਲ ਮਿਲ ਕੇ ਭਾਰਤੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾਇਆ। ਜਵਾਬ ਵਿਚ ਖੇਡਣ ਉੱਤਰੀ ਜ਼ਿੰਬਾਬਵੇ ਦੀ ਟੀਮ 235 ਦੌੜਾਂ ਹੀ ਬਣਾ ਸਕੀ। ਦੱਸ ਦੇਈਏ ਕਿ ਉਕਤ ਮੈਚ ਦੀ ਅੱਜ ਤੱਕ ਕੋਈ ਫੋਟੋ ਜਾਂ ਵੀਡੀਓ ਸਾਹਮਣੇ ਨਹੀਂ ਆਈ। ਦਰਅਸਲ ਉਸ ਦਿਨ ਵੈਸਟਇੰਡੀਜ਼ ਟੀਮ ਦਾ ਵੱਡਾ ਮੁਕਾਬਲਾ ਸੀ। ਇਸ ਲਈ ਸਾਰਾ ਟੀ. ਵੀ. ਉਸਦੇ ਪ੍ਰਸਾਰਣ ਵਿੱਚ ਲੱਗਾ ਹੋਇਆ ਸੀ।

Gurdeep Singh

This news is Content Editor Gurdeep Singh