ਕਪਤਾਨ ਮੇਰੇ ਤੋਂ ਕੀ ਚਾਹੁੰਦਾ ਹੈ, ਇਹ ਸਮਝ ਕੇ ਹੀ ਟੈਸਟ ਕਰੀਅਰ ਇੰਨਾ ਲੰਬਾ ਕਰ ਸਕਿਆ : ਇਸ਼ਾਂਤ

02/23/2021 1:22:30 AM

ਅਹਿਮਦਾਬਾਦ– ਕਪਿਲ ਦੇਵ ਤੋਂ ਬਾਅਦ 100 ਟੈਸਟ ਖੇਡਣ ਵਾਲਾ ਦੂਜਾ ਭਾਰਤੀ ਤੇਜ਼ ਗੇਂਦਬਾਜ਼ ਬਣਨ ਦੇ ਕੰਢੇ ’ਤੇ ਖੜ੍ਹੇ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਉਸਦਾ ਟੈਸਟ ਕਰੀਅਰ ਇੰਨਾ ਲੰਬਾ ਇਸ ਲਈ ਹੋ ਸਕਿਆ ਹੈ ਕਿ ਉਹ ਸਮਝਦਾ ਸੀ ਕਿ ਕਪਤਾਨ ਉਸ ਤੋਂ ਕੀ ਚਾਹੁੰਦਾ ਹੈ। ਇਸ਼ਾਂਤ ਨੇ ਬੰਗਲਾਦੇਸ਼ ਵਿਰੁੱਧ 18 ਸਾਲ ਦੀ ਉਮਰ ਵਿਚ ਰਾਹੁਲ ਦ੍ਰਾਵਿੜ ਦੀ ਕਪਤਾਨੀ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਅਨਿਲ ਕੁੰਬਲੇ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ ਤੇ ਅਜਿੰਕਯ ਰਹਾਨੇ ਦੀ ਕਪਤਾਨੀ ਵਿਚ ਖੇਡਿਆ।


ਕਿਹੜਾ ਕਪਤਾਨ ਉਸ ਨੂੰ ਸਭ ਤੋਂ ਚੰਗੀ ਤਰ੍ਹਾਂ ਨਾਲ ਸਮਝ ਸਕਿਆ, ਇਹ ਪੁੱਛਣ ’ਤੇ ਉਸ ਨੇ ਇੰਗਲੈਂਡ ਵਿਰੁੱਧ ਤੀਜੇ ਟੈਸਟ ਤੋਂ ਪਹਿਲਾਂ ਕਿਹਾ,‘‘ਇਹ ਕਹਿਣਾ ਮੁਸ਼ਕਿਲ ਹੈ ਕਿ ਕੌਣ ਮੈਨੂੰ ਸਭ ਤੋਂ ਚੰਗੀ ਤਰ੍ਹਾਂ ਨਾਲ ਸਮਝ ਸਕਿਆ ਪਰ ਸਾਰੇ ਮੈਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਸਨ। ਕਪਤਾਨ ਮੈਨੂੰ ਕਿੰਨਾ ਸਮਝਦਾ ਹੈ, ਉਸ ਤੋਂ ਵੱਧ ਜ਼ਰੂਰੀ ਹੈ ਕਿ ਮੈਂ ਕਪਤਾਨ ਨੂੰ ਕਿੰਨਾ ਸਮਝਦਾ ਹਾਂ।’’ ਉਸ ਨੇ ਕਿਹਾ,‘‘ਇਹ ਕਾਫੀ ਮਹੱਤਵਪੂਰਣ ਹੈ ਕਿ ਕਪਤਾਨ ਮੇਰੇ ਤੋਂ ਕੀ ਚਾਹੁੰਦਾ ਹੈ। ਇਹ ਸਪੱਸ਼ਟ ਹੋਣ ’ਤੇ ਗੱਲਬਾਤ ਆਸਾਨ ਹੋ ਜਾਂਦੀ ਹੈ।’’


ਹੁਣ ਤਕ 99 ਟੈਸਟਾਂ ਵਿਚ 303 ਵਿਕਟਾਂ ਲੈ ਚੁੱਕਿਆ ਇਸ਼ਾਂਤ ਸੀਮਤ ਓਵਰਾਂ ਦੀ ਟੀਮ ਦਾ ਹਿੱਸਾ ਨਹੀਂ ਹੈ ਤੇ ਆਈ. ਪੀ. ਐੱਲ. ਵਿਚ ਵੀ ਕੁਝ ਸੈਸ਼ਨ ਬਾਹਰ ਰਿਹਾ। ਕੀ ਇਸ ਨਾਲ ਵੀ ਟੈਸਟ ਕ੍ਰਿਕਟ ਵਿਚ ਕਰੀਅਰ ਨੂੰ ਲੰਬਾ ਕਰਨ ਵਿਚ ਮਦਦ ਮਿਲੀ, ਇਹ ਪੁੱਛਣ’ਤੇ ਉਸ ਨੇ ਕਿਹਾ,‘‘ਮੈਂ ਇਸ ਨੂੰ ਸਰਾਪ ਵਿਚ ਵਰਦਾਨ ਦੀ ਤਰ੍ਹਾਂ ਲੈਂਦਾ ਹਾਂ। ਅਜਿਹਾ ਨਹੀਂ ਹੈ ਕਿ ਮੈਂ ਸੀਮਤ ਓਵਰਾਂ ਦੀ ਕ੍ਰਿਕਟ ਖੇਡਣਾ ਨਹੀਂ ਚਾਹੁੰਦਾ ਪਰ ਜਦੋਂ ਖੇਡਣ ਦਾ ਮੌਕਾ ਨਾ ਹੋਵੇ ਤਾਂ ਸਭ ਤੋਂ ਚੰਗਾ ਹੈ ਕਿ ਅਭਿਆਸ ਜਾਰੀ ਰੱਖੋ।’’


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh