ਸਕਾਟਲੈਂਡ ਨੂੰ ਹਰਾ ਵੈਸਟਇੰਡੀਜ਼ ਨੇ ਕੀਤਾ ਵਿਸ਼ਵ ਕੱਪ 2019 ਲਈ ਕੁਆਲੀਫਾਈ

03/22/2018 6:19:44 PM

ਨਵੀਂ ਦਿੱਲੀ (ਬਿਊਰੋ)— ਮੌਸਮ ਦੀ ਮਿਹਰਬਾਨੀ ਅਤੇ ਖਰਾਬ ਅੰਪਾਇਰਿੰਗ ਦੇ ਚਲਦੇ ਵੈਸਟਇੰਡੀਜ਼ ਟੀਮ ਵਿਸ਼ਵ ਕੱਪ ਕੁਆਲੀਫਾਇਰਸ 'ਚ ਖੇਡ ਕੇ 2019 ਦੇ ਵਿਸ਼ਵ ਕੱਪ 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ ਹੈ। ਆਈ.ਸੀ.ਸੀ. ਦੀ ਚੋਟੀ ਅੱਠ ਰੈਂਕਿੰਗ 'ਚ ਜਗ੍ਹਾ ਨਾ ਬਣਾਉਣ ਕਾਰਨ ਵੈਸਟਇੰਡੀਜ਼ ਦੀ ਟੀਮ ਪਿਛਲੇ ਸਾਲ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਚੋਟੀ ਅੱਠ ਦੀਆਂ ਟੀਮਾਂ ਤੋਂ ਬਾਹਰ ਹੋਣ ਕਰਕੇ ਹੀ ਵੈਸਟਇੰੰਡੀਜ਼ ਨੂੰ ਵਿਸ਼ਵ ਕੱਪ ਕੁਆਲੀਫਾਈ ਖੇਡਣ ਲਈ ਮੈਦਾਨ 'ਤੇ ਉਤਰਨਾ ਪਿਆ। ਇਸ ਮੁਕਾਬਲੇ 'ਚ ਸਕਾਟਲੈਂਡ ਨੂੰ ਵੈਸਟਇੰਡੀਜ਼ ਨੇ ਹਰਾ ਕੇ ਆਈ.ਸੀ.ਸੀ. ਵਿਸ਼ਪ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਹਾਲਾਂਕਿ ਅੰਪਾਇਰ ਦੇ ਇਕ ਗਲਤ ਫੈਸਲੇ ਨੇ ਵੀ ਸਕਾਟਲੈਂਡ ਨੂੰ ਜਿੱਤ ਤੋਂ ਦੂਰ ਕਰ ਦਿੱਤਾ ਹੈ। ਇਹ ਵਿਵਾਦਿਤ ਫੈਸਲਾ ਵੈਸਟਇੰਡੀਜ਼ ਦੇ ਸਪਿਨਰ ਐਸਲੇ ਨਰਸ ਦੀ ਗੇਂਦ 'ਤੇ ਸਕਾਟਲੈਂਡ ਦੇ ਬੱਲੇਬਾਜ਼ ਰਿਚੀ ਬੇਰਿੰਗਟਨ ਨੂੰ ਆਊਟ ਦੇਣ ਦਾ ਸੀ। ਆਈ.ਸੀ.ਸੀ. ਵਿਸ਼ਵ ਕੱਪ ਕੁਆਲੀਫਾਇਰਸ ਦਾ ਇਹ ਮੁਕਾਬਲਾ ਜ਼ਿੰਬਾਬਵੇ ਦੇ ਹਰਾਰੇ 'ਚ ਖੇਡਿਆ ਗਿਆ। ਸਕਾਟਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਵੈਸਟਇੰਡੀਜ਼ ਦੀ ਟੀਮ 48.4 ਓਵਰਾਂ 'ਚ 198 ਦੌੜਾਂ 'ਤੇ ਆਲ ਆਊਟ ਹੋ ਗਈ। ਕ੍ਰਿਸ ਗੇਲ ਵਰਗਾ ਖਿਡਾਰੀ ਸਕਾਟਲੈਂਡ ਦੀ ਗੇਂਦਬਾਜ਼ੀ ਅੱਗੇ ਖਾਤਾ ਵੀ ਨਹੀਂ ਖੋਲ ਸਕਿਆ। ਮਾਰਲਨ ਸੈਮੁਅਲਸ ਅਤੇ ਲਿਵਿਸ ਨੇ ਕਿਸੇ ਤਰ੍ਹਾਂ ਟੀਮ ਨੂੰ 198 ਦੌੜਾਂ ਤਕ ਪਹੁੰਚਾਇਆ। ਸੈਮੁਅਲ 51 ਅਤੇ ਲੈਵਿਸ ਨੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਮੈਚ ਵਿਚਾਲੇ ਮੀਂਹ ਸ਼ੁਰੂ ਹੋ ਗਿਆ, ਜਿਸ 'ਤੇ ਡਕਵਰਥ ਲੁਈਸ ਨਿਯਮ ਅਨੁਸਾਰ ਸਕਾਟਲੈਂਡ ਨੂੰ ਨਵਾਂ ਟੀਚਾ ਦਿੱਤਾ ਗਿਆ। ਹੁਣ ਸਕਾਟਲੈਂਡ ਨੂੰ 35.2 ਓਵਰਾਂ 'ਚ 131 ਦੌੜਾਂ ਦਾ ਟੀਚਾ ਮਿਲਿਆ। ਪਰ ਸ਼ੁਰੂਆਤ ਖਰਾਬ ਹੋਣ ਦੇ ਕਾਰਨ ਟੀਮ 131 ਦੌੜਾਂ ਦਾ ਟੀਚਾ ਵੀ ਪੂਰਾ ਨਹੀਂ ਕਰ ਸਕੀ। 35.2 ਓਵਰਾਂ 'ਚ ਟੀਮ ਸਿਰਫ 125 ਦੌੜਾਂ ਹੀ ਬਣਾ ਸਕੀ, ਜਦਕਿ ਉਸ ਦੀਆਂ ਪੰਜ ਵਿਕਟਾਂ ਅਜੇ ਬਾਕੀ ਸਨ।