ਨੰਬਰ 4 'ਤੇ ਬੱਲੇਬਾਜ਼ੀ ਲਈ ਦੁਬਾਰਾ ਵਿਚਾਰ ਕੀਤਾ ਜਾਵੇਗਾ : ਕੋਹਲੀ

01/15/2020 2:03:09 PM

ਸਪੋਰਟਸ ਡੈਸਕ— ਵਿਰਾਟ ਕੋਹਲੀ ਦਾ ਖੁਦ ਨੰਬਰ 4 'ਤੇ ਬੱਲੇਬਾਜ਼ੀ ਲਈ ਉਤਰਨਾ ਭਾਰਤ ਨੂੰ ਉਲਟਾ ਪੈ ਗਿਆ, ਜਿਸ ਤੋਂ ਬਾਅਦ ਭਾਰਤੀ ਕਪਤਾਨ ਨੂੰ ਕਹਿਣਾ ਪਿਆ ਕਿ ਰਾਜਕੋਟ ਵਿਚ ਦੂਜੇ ਵਨ ਡੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਰਣਨੀਤੀ 'ਤੇ ਦੁਬਾਰਾ ਵਿਚਾਰ ਕਰਨਾ ਪੈ ਸਕਦਾ ਹੈ। ਭਾਰਤ ਨੇ ਬੱਲੇਬਾਜ਼ੀ 'ਚ ਕੁਝ ਬਦਲਾਅ ਕੀਤੇ ਅਤੇ ਸ਼ਿਖਰ ਧਵਨ ਅਤੇ ਕੇ. ਐੱਲ ਰਾਹੁਲ ਦੋਵਾਂ ਨੂੰ ਟੀਮ 'ਚ ਜਗ੍ਹਾ ਦੇਣ ਲਈ ਕੋਹਲੀ ਨੰਬਰ ਚਾਰ 'ਤੇ ਉਤਰੇ। ਭਾਰਤੀ ਬੱਲੇਬਾਜ਼ ਨਹੀਂ ਚੱਲੇ ਅਤੇ ਗੇਂਦਬਾਜ਼ ਵੀ ਪ੍ਰਭਾਵ ਨਹੀਂ ਛੱਡ ਸਕੇ । ਕੋਹਲੀ ਨੇ ਕਿਹਾ, ''ਅਸੀਂ ਪਹਿਲਾਂ ਵੀ ਇਸ 'ਤੇ ਕਈ ਵਾਰ ਚਰਚਾ ਕਰ ਚੁੱਕੇ ਹਾਂ। ਜਿਸ ਤਰ੍ਹਾਂ ਰਾਹੁਲ ਬੱਲੇਬਾਜ਼ੀ ਕਰ ਰਿਹਾ ਸੀ, ਅਸੀਂ ਉਸ ਨੂੰ ਬੱਲੇਬਾਜ਼ੀ ਕ੍ਰਮ 'ਚ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਵੀ ਮੈਂ ਨੰਬਰ ਚਾਰ 'ਤੇ ਬੱਲੇਬਾਜ਼ੀ ਲਈ ਉਤਰਿਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਡੇ ਲਈ ਸਹੀ ਨਹੀਂ ਰਿਹਾ, ਇਸ ਲਈ ਇਸ 'ਤੇ ਦੁਬਾਰਾ ਵਿਚਾਰ ਕੀਤਾ ਜਾਵੇਗਾ।''
ਆਸਟਰੇਲੀਆ ਨੇ ਇਹ ਮੈਚ ਦੱਸ ਵਿਕਟਾਂ ਨਾਲ ਜਿੱਤਿਆ। ਕੋਹਲੀ ਨੇ ਕਿਹਾ, ''ਇਹ ਕੁਝ ਖਿਡਾਰੀਆਂ ਨੂੰ ਮੌਕਾ ਦੇਣ ਨਾਲ ਜੁੜਿਆ ਹੈ। ਲੋਕਾਂ ਨੂੰ ਸਹਿਜ ਰਹਿਣਾ ਚਾਹੀਦਾ ਹੈ ਅਤੇ ਇਕ ਮੈਚ ਤੋਂ ਬਾਅਦ ਹੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ । ਮੈਨੂੰ ਥੋੜ੍ਹਾ ਪ੍ਰਯੋਗ ਕਰਨ ਦੀ ਆਗਿਆ ਹੈ ਅਤੇ ਕੁਝ ਮੌਕਿਆਂ 'ਤੇ ਮੈਂ ਅਸਫਲ ਰਿਹਾ। ਇਨ੍ਹਾਂ 'ਚੋਂ ਅੱਜ ਇਕ ਮੌਕੇ ਸੀ।  ਕੋਹਲੀ ਨੇ ਮੈਚ ਦੇ ਬਾਰੇ 'ਚ ਕਿਹਾ, ''ਅਸੀਂ ਤਿੰਨਾਂ ਵਿਭਾਗਾਂ 'ਚ ਅਸਫਲ ਸਾਬਿਤ ਹੋਏ। ਇਹ ਆਸਟਰੇਲੀਆ ਦੀ ਬੇਹੱਦ ਮਜਬੂਤ ਟੀਮ ਹੈ ਅਤੇ ਜੇਕਰ ਤੁਸੀਂ ਚੰਗਾ ਨਹੀਂ ਖੇਡਦੇ ਹੋ ਤਾਂ ਉਹ ਤੁਹਾਨੂੰ ਪ੍ਰੇਸ਼ਾਨ ਕਰਣਗੇ ਅਤੇ ਅਸੀਂ ਅਜਿਹਾ ਦੇਖਿਆ।