B'Day Spcl : ਮੁਸ਼ਕਲ 'ਚ ਫਸੀ ਟੀਮ ਦੀ ਬੇੜੀ ਪਾਰ ਲਾਉਣ 'ਚ ਮਾਹਰ ਸਨ ਲਕਸ਼ਮਨ

11/01/2019 3:13:09 PM

ਸਪੋਰਟਸ ਡੈਸਕ— ਕ੍ਰਿਕਟ ਦੇ ਇਤਿਹਾਸ 'ਚ ਵੀ. ਵੀ. ਐੱਸ. ਲਕਸ਼ਮਨ ਦੇ ਨਾਂ ਨਾਲ ਮਸ਼ਹੂਰ ਟੀਮ ਇੰਡੀਆ ਦਾ ਇਹ ਸਟਾਰ ਖਿਡਾਰੀ ਅੱਜ ਭਾਵ 1 ਨਵੰਬਰ ਨੂੰ ਆਪਣਾ 45ਵਾਂ ਜਨਮ ਦਿਨ ਮਨਾ ਰਿਹਾ ਹੈ। ਇਸ ਬੱਲੇਬਾਜ਼ ਨੇ ਭਾਰਤੀ ਟੀਮ ਲਈ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ। ਲਕਸ਼ਮਨ ਨੇ ਅਕਸਰ ਟੀਮ ਇੰਡੀਆ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢ ਕੇ ਮੈਚ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਈ ਜਿਸ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਲਕਸ਼ਮਨ ਦੇ ਕ੍ਰਿਕਟ ਕਰੀਅਰ ਦੇ ਬਾਰੇ 'ਚ ਕੁਝ ਖਾਸ ਗੱਲਾਂ ਤੋਂ ਜਾਣੂ ਕਰਾਉਣ ਜਾ ਰਹੇ ਹਾਂ।

ਕੰਗਾਰੂਆਂ ਖਿਲਾਫ ਜਦੋਂ ਲਕਸ਼ਮਨ ਨੇ ਖੇਡੀ 281 ਦੌੜਾਂ ਦੀ ਪਾਰੀ

ਵੀ. ਵੀ. ਐੱਸ. ਲਕਸ਼ਮਨ ਨੂੰ ਹਮੇਸ਼ਾ 2001 'ਚ ਈਡਨ ਗਾਰਡਨਸ 'ਤੇ ਆਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਲਈ ਯਾਦ ਕੀਤਾ ਜਾਂਦਾ ਹੈ। ਇਸ ਟੈਸਟ ਮੈਚ 'ਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਪਣੀ ਪਹਿਲੀ ਪਾਰੀ 'ਚ 445 ਦੌੜਾਂ ਬਣਾਈਆਂ ਅਤੇ ਦੂਜੇ ਪਾਸੇ ਟੀਮ ਇੰਡੀਆ ਪਹਿਲੀ ਪਾਰੀ 'ਚ 171 ਦੌੜਾਂ ਹੀ ਬਣਾ ਸਕੀ। ਪਹਿਲੀ ਪਾਰੀ ਨੂੰ ਦੇਖ ਕੇ ਇੰਝ ਲਗ ਰਿਹਾ ਸੀ ਕਿ ਮੈਚ ਭਾਰਤ ਦੇ ਹੱਥੋਂ ਨਿਕਲ ਜਾਵੇਗਾ। ਇਸ ਮੈਚ ਦੀ ਦੂਜੀ ਪਾਰੀ ਦੀ ਗੱਲ ਕਰੀਏ ਤਾਂ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਨ (281) ਅਤੇ ਰਾਹੁਲ ਦ੍ਰਾਵਿੜ (180) ਨੇ ਸ਼ਾਨਦਾਰ ਬੱਲੇਬਾਜ਼ੀ ਨਾਲ 657 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਆਸਟਰੇਲੀਆਈ ਟੀਮ ਇਸ ਟੀਚੇ ਦਾ ਪਿੱਛਾ ਨਾ ਕਰ ਸਕੀ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ 171 ਦੌੜਾਂ ਨਾਲ ਇਹ ਮੈਚ ਜਿੱਤ ਗਿਆ।

ਜਦੋਂ ਪਿੱਠ ਦਰਦ ਦੇ ਬਾਵਜੂਦ ਲਕਸ਼ਮਨ ਨੇ ਭਾਰਤ ਨੂੰ ਦਿਵਾਈ ਜਿੱਤ

ਸਾਲ 2010 'ਚ ਮੋਹਾਲੀ 'ਚ ਇਕ ਟੈਸਟ ਮੈਚ 'ਚ ਆਸਟਰੇਲੀਆ ਖਿਲਾਫ ਖੇਡੀ ਗਈ ਚੌਥੀ ਪਾਰੀ 'ਚ ਭਾਰਤ ਨੂੰ ਜਿੱਤ ਲਈ 216 ਦੌੜਾਂ ਬਣਾਉਣੀਆਂ ਸਨ, ਪਰ ਉਸ ਸਮੇਂ ਟੀਮ ਨੇ 8 ਵਿਕਟਾਂ ਤੇ 124 ਦੌੜਾਂ ਗੁਆ ਦਿੱਤੀਆਂ ਸਨ। ਪਰ ਨੌਵੇਂ ਵਿਕਟ ਲਈ ਲਕਸ਼ਮਨ ਨੇ ਇਸ਼ਾਂਤ ਸ਼ਰਮਾ ਦੇ ਨਾਲ 81 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਇੰਡੀਆ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ ਸੀ। ਫਿਰ ਆਖਰੀ ਵਿਕਟ ਲਈ ਪ੍ਰਗਿਆਨ ਓਝਾ ਨਾਲ ਮਿਲ ਕੇ ਟੀਮ ਨੂੰ ਰੋਮਾਂਚਕ ਜਿੱਤ ਦਿਵਾ ਦਿੱਤੀ। ਜ਼ਿਕਰਯੋਗ ਹੈ ਕਿ ਇਸ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਕਸ਼ਮਨ ਦੀ ਪਿੱਠ 'ਚ ਤੇਜ਼ ਦਰਦ ਸੀ, ਪਰ ਉਹ ਇਸ ਦਰਦ ਤੋਂ ਨਹੀਂ ਡਰੇ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਨੂੰ ਜਿੱਤ ਦਿਵਾਈ।

ਅਜਿਹਾ ਰਿਕਾਰਡ ਬਣਾਉਣ ਵਾਲੇ ਸਚਿਨ ਦੇ ਬਾਅਦ ਦੂਜੇ ਬੱਲੇਬਾਜ਼ ਹਨ ਲਕਸ਼ਮਨ

ਸਚਿਨ ਤੇਂਦੁਲਕਰ ਦੇ ਬਾਅਦ ਉਹ ਦੂਜੇ ਅਜਿਹੇ ਬੱਲੇਬਾਜ਼ ਹਨ ਜਿਸ ਨੇ ਟੈਸਟ ਕ੍ਰਿਕਟ 'ਚ ਆਸਟਰੇਲੀਆ ਖਿਲਾਫ 2000 ਤੋਂ ਜ਼ਿਆਦਾ ਦੌੜਾਂ ਬਣਾਈਆਂ। ਆਸਟਰੇਲੀਆਈ ਗੇਂਦਬਾਜ਼ ਵੀ ਇਨ੍ਹਾਂ ਦੀ ਬੱਲੇਬਾਜ਼ੀ ਤੋਂ ਕਾਫੀ ਪਰੇਸ਼ਾਨ ਸਨ ਅਤੇ ਉਨ੍ਹਾਂ ਅੰਦਰ ਇੰਨਾ ਡਰ ਸੀ ਕਿ ਉਨ੍ਹਾਂ ਨੂੰ ਸਮਝ ਹੀ ਨਹੀਂ ਆਉਂਦਾ ਸੀ ਕਿ ਉਹ ਗੇਂਦ ਉਨ੍ਹਾਂ ਨੰ ਕਿੱਥੋਂ ਕਰਾਉਣ।

ਇੰਝ ਰਿਹਾ ਲਕਸ਼ਮਨ ਦਾ ਕ੍ਰਿਕਟ ਕਰੀਅਰ

ਲਕਸ਼ਮਨ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਬਤੌਰ ਬੱਲੇਬਾਜ਼ ਇਨ੍ਹਾਂ ਨੇ 134 ਮੈਚਾਂ 'ਚ 8781 ਦੌੜਾਂ ਬਣਾਈਆਂ ਅਤੇ 17 ਸੈਂਕੜੇ ਲਗਾਏ। ਦੂਜੇ ਪਾਸੇ ਵਨ-ਡੇ 'ਚ 86 ਮੈਚਾਂ 'ਚ 2338 ਦੌੜਾਂ ਬਣਾਈਆਂ। ਫਰਸਟ ਕਲਾਸ ਕ੍ਰਿਕਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 267 ਮੈਚ ਖੇਡੇ, ਜਿਸ 'ਚ ਉਨ੍ਹਾਂ ਨੇ 19730 ਦੌੜਾਂ ਬਣਾਈਆਂ ਅਤੇ 25 ਟੀ-20 ਮੈਚ 'ਚ 491 ਦੌੜਾਂ ਬਣਾਈਆਂ।

Tarsem Singh

This news is Content Editor Tarsem Singh