Six Pack ABS ਵਾਲੇ ਵੋਹਰਾ ਨੇ ਵੀ ਲਾਇਆ ਤੂਫਾਨੀ ਸੈਂਕੜਾ, ਚੌਕੇ-ਛੱਕਿਆਂ ਦੀ ਕੀਤੀ ਬਰਸਾਤ

10/03/2019 11:46:56 AM

ਸਪੋਰਟਸ ਡੈਸਕ : ਸਲਾਮੀ ਬੱਲੇਬਾਜ਼ ਮਨਨ ਵੋਹਰਾ ਦੀ 64 ਗੇਂਦਾਂ 'ਚ ਅਜੇਤੂ 108 ਦੌੜਾਂ ਦੀ ਤੂਫਾਨੀ ਪਾਰੀ ਨਾਲ ਚੰਡੀਗੜ੍ਹ ਨੇ ਵਿਜੇ ਹਜ਼ਾਰੇ ਟ੍ਰਾਫੀ ਵਨ ਡੇ ਟੂਰਨਾਮੈਂਟ ਵਿਚ ਪਲੇਟ ਗਰੁਪ ਦੇ ਖਰਾਬ ਮੌਸਮ ਤੋਂ ਪ੍ਰਭਾਵਿਤ ਮੁਕਾਬਲੇ ਵਿਚ ਅਰੁਣਾਚਲ ਪ੍ਰਦੇਸ਼ ਨੂੰ 90 ਦੌੜਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਆਪਣੇ ਸਿਕਸ ਪੈਕ ਐਬਸ ਲਈ ਮਸ਼ਹੂਰ ਕਪਤਾਨ ਮਨਨ ਵੋਹਰਾ ਨੇ ਆਪਣੀ ਅਜੇਤੂ ਪਾਰੀ ਵਿਚ 8 ਛੱਕੇ ਅਤੇ ਇੰਨੇ ਹੀ ਚੌਕੇ ਲਗਾਏ। ਮੀਂਹ ਅਤੇ ਗਿੱਲੀ ਆਊਟਫੀਲਡ ਕਾਰਨ ਮੈਚ ਨੂੰ 20-20 ਓਵਰਾਂ ਦਾ ਕਰ ਦਿੱਤਾ ਗਿਆ। ਚੰਡੀਗੜ੍ਹ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 2 ਵਿਕਟੰ 'ਤੇ 207 ਦੌੜਾਂ ਬਣਾਈਆਂ ਜਿਸਦੇ ਜਵਾਬ ਵਿਚ ਅਰੁਣਾਚਲ ਪ੍ਰਦੇਸ਼ ਦੀ ਟੀਮ 7 ਵਿਕਟਾਂ 'ਤੇ 117 ਦੌੜਾਂ ਹੀ ਬਣਾ ਸਕੀ।

ਚੰਡੀਗੜ੍ਹ ਲਈ ਗੁਰਿੰਦਰ ਸਿੰਘ ਨੇ 12 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਅਰੁਣਾਚਲ ਪ੍ਰਦੇਸ਼ ਲਈ ਰਾਹੁਲ ਦਲਾਲ 76 ਦੌੜਾਂ ਬਣਾ ਅਜੇਤੂ ਰਹੇ ਪਰ ਦੂਜੇ ਪਾਸੇ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਟੀਮ ਟੀਚੇ ਤੋਂ ਕਾਫੀ ਦੂਰ ਰਹਿ ਗਈ। ਇਸ ਜਿੱਤ ਨਾਲ ਚੰਡੀਗੜ੍ਹ 3 ਮੈਚਾਂ ਵਿਚ 10 ਅੰਕਾਂ ਦੇ ਨਾਲ ਪਲੇਟ ਗਰੁਪ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਗਿਆ। ਬਿਹਤਰ ਨੈੱਟ ਰਨ ਰੇਟ ਕਾਰਨ ਇੰਨੇ ਹੀ ਅੰਕ ਪੁੱਡੂਚੇਰੀ ਪਹਿਲੇ ਸਥਾਨ 'ਤੇ ਹੈ। ਉਸ ਨੇ ਮਿਜੋਰਮ ਨੂੰ 10 ਵਿਕਟਾਂ ਨਾਲ ਹਰਾਇਆ।