ਸ਼ੈਫਾਲੀ ਵਰਮਾ ਦੀ ਤੂਫਾਨੀ ਪਾਰੀ ਦੇਖ ਵਰਿੰਦਰ ਸਹਿਵਾਗ ਨੇ ਦਿੱਤਾ ਉਸ ਨੂੰ ਨਵਾਂ ਨਾਂ 'ਰਾਕਸਟਾਰ'

02/28/2020 12:26:42 PM

ਸਪੋਰਟਸ ਡੈਸਕ— ਅੱਜਕਲ ਆਸਟਰੇਲੀਆ ਦੀ ਜ਼ਮੀਨ 'ਤੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਬੀਤੇ ਦਿਨ ਵੀਰਵਾਰ ਨੂੰ ਇਸ ਟੂਰਨਾਮੈਂਟ ਦਾ 9ਵਾਂ ਮੈਚ ਭਾਰਤ ਅਤੇ ਨਿਊਜ਼ੀਲੈਂਡ ਟੀਮ ਵਿਚਾਲੇ ਖੇਡਿਆ ਗਿਆ। ਇਸ ਮੁਕਾਬਲੇ ਨੂੰ ਭਾਰਤ ਨੇ 4 ਦੌੜਾਂ ਦੇ ਫਰਕ ਨਾਲ ਜਿੱਤ ਲਿਆ ਅਤੇ ਨਾਲ ਹੀ ਸੈਮੀਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ ਭਾਰਤੀ ਮਹਿਲਾ ਟੀਮ ਦੀ ਇਸ ਸ਼ਾਨਦਾਰ ਜਿੱਤ 'ਚ ਇਕ ਵਾਰ ਫਿਰ 16 ਸਾਲ ਦੀ ਸ਼ੈਫਾਲੀ ਵਰਮਾ ਚਮਕੀ ਹੈ। ਉਸ ਨੇ ਭਾਰਤੀ ਟੀਮ ਲਈ ਇਸ ਮੈਚ ਵੀ ਜ਼ਬਰਦਸਤ 34 ਗੇਂਦਾਂ 'ਤੇ 46 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਸ਼ੈਫਾਲੀ ਦਾ ਇਸ ਤਰ੍ਹਾਂ ਦਾ ਪ੍ਰਦਰਸ਼ਨ ਦੇਖ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਉਨ੍ਹਾਂ ਦੀ ਰੱਜ ਕੇ ਸ਼ਲਾਘਾ ਕੀਤੀ।

ਸ਼ੈਫਾਲੀ ਨੇ ਇਸ ਮੁਕਾਬਲੇ 'ਚ ਨਿਊਜ਼ੀਲੈਂਡ ਖਿਲਾਫ 34 ਗੇਂਦਾਂ 'ਤੇ 46 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਅਤੇ ਆਪਣੀ ਇਸ ਪਾਰੀ ਦੌਰਾਨ ਉਸ ਨੇ 4 ਚੌਕੇ ਅਤੇ 3 ਲੰਬੇ ਲੰਬੇ ਛੱਕੇ ਵੀ ਲਗਾਏ। ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਸ਼ੈਫਾਲੀ ਵਰਮਾ ਦੀ ਤੂਫਾਨੀ ਪਾਰੀ ਦੇਖ ਉਸ ਨੂੰ 'ਰਾਕਸਟਾਰ' ਨਾਂ ਦਿੱਤਾ ਹੈ। ਵਰਿੰਦਰ ਸਹਿਵਾਗ ਖੁਦ ਆਪਣੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਟਵੀਟ ਕੀਤਾ ਹੈ ਅਤੇ ਇਸ ਧਾਕਰੜ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ 'ਰਾਕਸਟਾਰ' ਕਰਾਰ ਦਿੱਤਾ ਹੈ।

ਸਹਿਵਗ ਨੇ ਆਪਣੇ ਟਵੀਟ ਲਿਖਿਆ - ਵਾਹ ਬਈ ਵਾਹ ! ਲੜਕੀਆਂ ਵਲੋਂ ਨਿਊਜ਼ੀਲੈਂਡ ਨੂੰ ਹਰਾਉਣ ਅਤੇ  #T20WorldCup ਦੇ ਸੈਮੀਫਾਈਨਲ 'ਚ ਪੁੱਜਣ ਲਈ ਸ਼ਾਨਦਾਰ ਕੋਸ਼ਿਸ਼। ਸ਼ੈਫਾਲੀ ਵਰਮਾ ਇਕ ਰਾਕਸਟਾਰ ਹਨ। ਆਨੰਦ ਆ ਰਿਹਾ ਹੈ ਲੜਕੀਆਂ ਦੀ ਪਰਫਾਰਮੈਂਸ ਦੇਖਣ 'ਚ,।

ਸ਼ੈਫਾਲੀ ਵਰਮਾ ਦਾ ਖੇਡਣ ਦਾ ਅੰਦਾਜ਼ ਵਰਿੰਦਰ ਸਹਿਵਾਗ ਵਰਗਾ ਹੀ ਹੈ। ਕ੍ਰਿਕਟ ਦੇ ਕਈ ਜਾਣਕਾਰ ਉਨ੍ਹਾਂ ਨੂੰ ਛੋਟੀ ਵੀਰੂ ਮਨ ਰਹੇ ਹਨ। ਸ਼ੈਫਾਲੀ ਵਰਮਾ ਦੀ ਇਸ ਤੂਫਾਨੀ ਪਾਰੀ ਦੇ ਦਮ 'ਤੇ ਭਾਰਤੀ ਟੀਮ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਬਣਾਉਣ 'ਚ ਕਾਮਯਾਬ ਰਹੀ ਸੀ। ਭਾਰਤ ਦੇ 134 ਦੌੜਾਂ ਦੇ ਟੀਚੇ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਨਿਰਧਾਰਤ 20 ਓਵਰ 'ਚ 6 ਵਿਕਟਾਂ ਦੇ ਨੁਕਸਾਨ 'ਤੇ 129 ਦੌੜਾਂ ਹੀ ਬਣਾ ਸਕੀ।

ਸਾਬਕਾ ਭਾਰਤੀ ਬੱਲੇਬਾਜ਼ ਵੀ. ਵੀ. ਐੱਸ ਲਕਸ਼ਮਣ ਨੇ ਵੀ ਭਾਰਤੀ ਟੀਮ ਨੂੰ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਮੈਚ ਤੋਂ ਬਾਅਦ ਇਕ ਟਵੀਟ ਕਰਕੇ ਵਧਾਈ ਦਿੱਤੀ। ਲਕਸ਼ਮਣ ਨੇ ਕਿਹਾ- ਭਾਰਤੀ ਟੀਮ ਨੂੰ ਨਿਊਜ਼ੀਲੈਂਡ ਖਿਲਾਫ ਇਕ ਸ਼ਾਨਦਾਰ ਜਿੱਤ ਅਤੇ ਸੈਮੀਫਾਈਨਲ 'ਚ ਪਹੁੰਚਣ 'ਤੇ ਵਧਾਈ ਹੋਵੇ। 132 ਦੇ ਸਕੋਰ ਦਾ ਬਚਾਓ ਕਰ ਰਹੇ ਗੇਂਦਬਾਜ਼ ਸ਼ਾਨਦਾਰ ਰਹੇ ਅਤੇ ਸ਼ੈਫਾਲੀ ਵਰਮਾ ਤਾਂ ਭਾਰਤ ਲਈ ਟਾਪ ਕਲਾਸ ਹੈ। ਬਹੁਤ ਵਧੀਆ ਲੜਕੀਆਂ। #T20WorldCup।