ਵੀਡੀਓ : ਹੇਡਨ ਦਾ ਸਹਿਵਾਗ ਨੂੰ ਕਰਾਰਾ ਜਵਾਬ, ਕਿਹਾ- ''ਵੀਰੂ ਭਾਜੀ, ਆਸਟਰੇਲੀਆ ਨੂੰ ਬੱਚਾ ਨਾ ਸਮਝਣਾ''

02/16/2019 3:16:43 PM

ਨਵੀਂ ਦਿੱਲੀ— ਆਸਟਰੇਲੀਆ ਅਤੇ ਭਾਰਤ ਵਿਚਾਲੇ 24 ਫਰਵਰੀ ਤੋਂ ਟੀ-20 ਸੀਰੀਜ਼ ਦਾ ਆਗਾਜ਼ ਹੋਣ ਜਾ ਰਿਹਾ ਹੈ। ਇਸ ਸੀਰੀਜ਼ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਐਡ ਬਹੁਤ ਮਸ਼ਹੂਰ ਹੋ ਰਿਹਾ ਹੈ। ਇਸ ਐਡ 'ਚ ਸਹਿਵਾਗ 'ਬੇਬੀ ਸਿਟਿੰਗ' ਨੂੰ ਲੈ ਕੇ ਆਸਟਰੇਲੀਆਈ ਟੀਮ ਦੀ ਲੱਤ ਖਿਚਦੇ ਦਿਖਾਏ ਦੇ ਰਹੇ ਹਨ। ਹੁਣ ਇਸ ਐਡ ਦਾ ਨਵਾਂ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਐਡ 'ਚ ਆਸਟਰੇਲੀਅਨ ਟੀਮ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਮੈਥਿਊ ਹੇਡਨ ਵੀ ਉਨ੍ਹਾਂ ਦਾ ਸਾਥ ਦਿੰਦੇ ਨਜ਼ਰ ਆਏ। ਦਰਅਸਲ ਇਸ ਵੀਡੀਓ 'ਚ ਸਹਿਵਾਗ ਬੱਚਿਆਂ ਲਈ ਦੁੱਧ ਲੈ ਕੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਕਹਿੰਦੇ ਹਨ, 'ਬੇਟਾ ਤੁਸੀਂ ਵੀ ਦੁੱਧ ਪੀ ਲਵੋ, ਨਹੀਂ ਤਾਂ ਕੋਹਲੀ ਆ ਜਾਵੇਗਾ।'' ਉਸੇ ਵੇਲੇ ਇਕ ਗੇਂਦ ਆ ਕੇ ਸਹਿਵਾਗ ਦੇ ਹੱਥ 'ਤੇ ਲਗਦੀ ਹੈ ਜਿਸ ਦੇ ਬਾਅਦ ਉਨ੍ਹਾਂ ਦੇ ਹੱਥੋਂ ਦੁੱਧ ਦੀਆਂ ਸਾਰੀਆਂ ਬੋਤਲਾਂ ਹੇਠਾਂ ਡਿੱਗ ਜਾਂਦੀਆਂ ਹਨ। ਸਹਿਵਾਗ ਗੁੱਸੇ 'ਚ ਇੱਧਰ-ਉੱਧਰ ਦੇਖ ਹੀ ਰਹੇ ਹੁੰਦੇ ਹਨ ਕਿ ਮੈਥਿਊ ਹੇਡਨ ਆ ਕੇ ਉਨ੍ਹਾਂ ਨੂੰ ਨਸੀਹਤ ਦਿੰਦੇ ਹਨ। ਮੈਥਿਊ ਹੇਡਨ ਕਹਿੰਦੇ ਹਨ, ''ਵੀਰੂ ਭਾਜੀ, ਆਸਟਰੇਲੀਅਨ ਨੂੰ ਬੱਚਾ ਨਾ ਸਮਝਣਾ।'' ਇਸ ਤੋਂ ਬਾਅਦ ਐਡ 'ਚ ਦੋਹਾਂ ਟੀਮਾਂ ਦਾ ਜ਼ਿਕਰ ਕੀਤਾ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਲੇ ਐਡ 'ਚ ਸਹਿਵਾਗ ਨੇ ਕਿਹਾ ਸੀ ਕਿ ਜਦੋਂ ਅਸੀਂ ਆਸਟਰੇਲੀਆ ਗਏ ਸੀ ਤਾਂ ਉਨ੍ਹਾਂ ਨੇ ਪੁੱਛਿਆ ਸੀ ਕਿ ਬੇਬੀ ਸਿਟਿੰਗ ਕਰੋਗੇ? ਅਸੀਂ ਕਿਹਾ ਸਾਰੇ ਦੇ ਸਾਰੇ ਆ ਜਾਓ, ਜ਼ਰੂਰ ਕਰਾਂਗੇ। ਇਸ ਤੋਂ ਬਾਅਦ ਮੈਥਿਊ ਹੇਡਨ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਵਾਬ ਦੇਣ ਦਾ ਕੰਮ ਕੀਤਾ ਸੀ। ਮੈਥਿਊ ਹੇਡਨ ਨੇ ਟਵੀਟ ਕਰਕੇ ਕਿਹਾ ਸੀ ਕਿ ਚੌਕੰਨਾ ਰਹੋ ਵੀਰੂ ਭਾਜੀ, ਆਸਟਰੇਲੀਅਨ ਟੀਮ ਨੂੰ ਅਜੇ ਹਲਕੇ 'ਚ ਨਹੀਂ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਦੋਵੇਂ ਇਕ ਵਾਰ ਫਿਰ ਇਸ ਮੁੱਦੇ 'ਤੇ ਆਹਮੋ-ਸਾਹਮਣੇ ਨਜ਼ਰ ਆਏ।

ਦੱਸ ਦਈਏ ਕਿ ਆਸਟਰੇਲੀਆ ਦੌਰੇ 'ਤੇ ਟੈਸਟ ਮੈਚਾਂ ਦੇ ਦੌਰਾਨ ਟਿਮ ਪੇਨ ਅਤੇ ਰਿਸ਼ਭ ਪੰਤ ਵਿਚਾਲੇ ਜ਼ੁਬਾਨੀ ਜੰਗ ਦੇ ਬਾਅਦ 'ਬੇਬੀ ਸਿਟਿੰਗ' ਨੂੰ ਲੈ ਕੇ ਗੱਲਾਂ ਹੋ ਰਹੀਆਂ ਹਨ। ਭਾਰਤ ਨੂੰ ਆਸਟਰੇਲੀਆ ਦੇ ਖਿਲਾਫ ਦੋ ਟੀ-20 ਅਤੇ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ ਲਈ ਸ਼ੁੱਕਰਵਾਰ ਨੂੰ ਭਾਰਤੀ ਟੀਮ ਦਾ ਐਲਾਨ ਵੀ ਕੀਤਾ ਗਿਆ। ਭਾਰਤੀ ਟੀਮ 'ਚ ਕਪਤਾਨ ਵਿਰਾਟ ਕੋਹਲੀ ਦੇ ਨਾਲ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ।

 

Tarsem Singh

This news is Content Editor Tarsem Singh