ਟੈਸਟ ਸੀਰੀਜ਼ ’ਚ ਕਰਾਰੀ ਹਾਰ ਦੇ ਬਾਅਦ ਛਲਕਿਆ ਕੋਹਲੀ ਦਾ ਦਰਦ, ਦਿੱਤਾ ਇਹ ਬਿਆਨ

03/02/2020 11:17:54 AM

ਕ੍ਰਾਈਸਟਚਰਚ— ਬੈਟਿੰਗ ਆਰਡਰ ਦੇ ਇਕ ਵਾਰ ਫਿਰ ਅਸਫਲ ਰਹਿਣ ਕਾਰਨ ਸੋਮਵਾਰ ਨੂੰ ਇੱਥੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ’ਚ ਭਾਰਤ ਦੀ 0-2 ਨਾਲ ਹਾਰ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਇਸ ਪ੍ਰਦਰਸ਼ਨ ਲਈ ਕੋਈ ਬਹਾਨਾ ਨਹੀਂ ਹੈ। ਕੋਹਲੀ ਨੇ ਸਵੀਕਾਰ ਕੀਤਾ ਕਿ ਦੂਜੇ ਦਿਨ ਗੇਂਦਬਾਜ਼ਾਂ ਨੇ ਟੀਮ ਨੂੰ ਵਾਪਸੀ ਦਿਵਾਈ ਪਰ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਨਿਰਾਸ਼ ਕੀਤਾ।

ਕੋਹਲੀ ਨੇ ਮੈਚ ਦੇ ਬਾਅਦ ਕਿਹਾ, ‘‘ਅਸੀਂ ਇਸ ਨੂੰ ਸਵੀਕਾਰ ਕਰਦੇ ਹਾਂ ਅਤੇ ਜੇਕਰ ਸਾਨੂੰ ਵਿਦੇਸ਼ਾਂ ’ਚ ਜਿੱਤਣਾ ਹੈ ਤਾਂ ਅਜਿਹਾ ਕਰਨਾ ਹੋਵੇਗਾ। ਕੋਈ ਬਹਾਨਾ ਨਹੀਂ, ਬਸ ਅੱਗੇ ਵਧਦੇ ਹੋਏ ਸਿਖ ਰਹੇ ਹਾਂ। ਟੈਸਟ ਮੈਚ ’ਚ ਅਸੀਂ ਉਸ ਤਰ੍ਹਾਂ ਕ੍ਰਿਕਟ ਨਹੀਂ ਖੇਡ ਸਕੇ ਜਿਸ ਤਰ੍ਹਾਂ ਦਾ ਖੇਡਣਾ ਚਾਹੁੰਦੇ ਸੀ।’’ ਕਰੋ ਜਾਂ ਮਰੋ ਦੇ ਦੂਜੇ ਟੈਸਟ ’ਚ ਭਾਰਤੀ ਟੀਮ ਪਹਿਲੀ ਪਾਰੀ ’ਚ 242 ਦੌੜਾਂ ਹੀ ਬਣਾ ਸਕੀ ਸੀ ਪਰ ਟੀਮ ਨੇ ਨਿਊਜ਼ੀਲੈਂਡ ਨੂੰ 235 ਦੌੜਾਂ ’ਤੇ ਰੋਕ ਦਿੱਤਾ। ਦੂਜੀ ਪਾਰੀ ’ਚ ਹਾਲਾਂਕਿ ਭਾਰਤੀ ਬੈਟਿੰਗ ਆਰਡਰ ਸਿਰਫ 124 ਦੌੜਾਂ ’ਤੇ ਢੇਰ ਹੋ ਗਿਆ ਜਿਸ ਨਾਲ ਨਿਊਜ਼ੀਲੈਂਡ ਨੂੰ 132 ਦੌੜਾਂ ਦਾ ਟੀਚਾ ਮਿਲਿਆ ਜਿਸ ਨੂੰ ਉਸ ਨੇ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਕੋਹਲੀ ਨੇ ਕਿਹਾ, ‘‘ਬੱਲੇਬਾਜ਼ਾਂ ਨੇ ਇੰਨੀਆਂ ਦੌੜਾਂ ਨਹੀਂ ਬਣਾਈਆਂ ਕਿ ਗੇਂਦਬਾਜ਼ ਕੋਸ਼ਿਸ਼ ਕਰਦੇ ਹਮਲਾਵਰਤਾ ਦਿਖਾਉਂਦੇ। ਗੇਂਦਬਾਜ਼ੀ ਚੰਗੀ ਸੀ, ਮੈਨੂੰ ਲਗਦਾ ਹੈ ਕਿ ਵੇਲਿੰਗਟਨ ’ਚ ਵੀ ਅਸੀਂ ਚੰਗੀ ਗੇਂਦਬਾਜ਼ੀ ਕੀਤੀ।’’ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਆਪਣੀ ਰਣਨੀਤੀ ’ਤੇ ਵਿਚਾਰ ਕਰਨਾ ਹੋਵੇਗਾ।

ਕੋਹਲੀ ਨੇ ਅੱਗੇ ਕਿਹਾ, ਪਹਿਲੇ ਮੈਚ ’ਚ ਅਸੀਂ ਪੂਰਾ ਜਜ਼ਬਾ ਨਹੀਂ ਦਿਖਾ ਸਕੇ ਅਤੇ ਇੱਥੇ ਅਸੀਂ ਮੈਚ ਨੂੰ ਖਤਮ ਨਾ ਕਰ ਸਕੇ। ਅਸੀਂ ਲੰਬੇੇ ਸਮੇਂ ਤਕ ਸਹੀ ਲਾਈਨ ਅਤੇ ਲੈਂਥ ਦੇ ਨਾਲ ਗੇਂਦਬਾਜ਼ੀ ਨਹੀਂ ਕਰ ਸਕੇ। ਉਨ੍ਹਾਂ ਨੇ ਕਾਫੀ ਦਬਾਅ ਬਣਾਇਆ। ਅਸੀਂ ਆਪਣੀ ਯੋਜਨਾ ਨੂੰ ਅਮਲੀਜਾਮਾ ਨਾ ਪਹਿਨਾ ਸਕੇ ਅਤੇ ਵਿਰੋਧੀ ਟੀਮ ਨੇ ਆਪਣੀ ਯੋਜਨਾ ਨੂੰ ਲਾਗੂ ਕੀਤਾ।’’ ਉਨ੍ਹਾਂ ਕਿਹਾ, ‘‘ਨਿਰਾਸ਼ਾਜਨਕ, ਬੈਠ ਕੇ ਵਿਚਾਰ ਕਰਨਾ ਹੋਵੇਗਾ ਅਤੇ ਚੀਜ਼ਾਂ ਨੂੰ ਸਹੀ ਕਰਨਾ ਹੋਵੇਗਾ।’’ ਇਹ ਪੁੱਛਣ ’ਤੇ ਕੀ ਟਾਸ ਹਾਰਨ ਦਾ ਵੀ ਅਸਰ ਪਿਆ ਤਾਂ ਕੋਹਲੀ ਨੇ ਕਿਹਾ, ‘‘ਟਾਸ, ਤੁਸੀਂ ਸੋਚ ਸਕਦੇ ਹੋ ਕਿ ਇਹ ਇਕ ਮੁੱਦਾ ਹੋ ਸਕਦਾ ਹੈ ਪਰ ਅਸੀਂ ਸ਼ਿਕਾਇਤ ਨਹੀਂ ਕਰਾਂਗੇ। ਇਸ ਨਾਲ ਹਰੇਕ ਟੈਸਟ ’ਚ ਗੇਂਦਬਾਜ਼ਾਂ ਨੂੰ ਵਾਧੂ ਫਾਇਦਾ ਮਿਲਿਆ।’’ 

Tarsem Singh

This news is Content Editor Tarsem Singh