ਕੋਹਲੀ ਨੂੰ ਮਿਲਦੀ ਹੈ ਸਟੀਵ ਸਮਿੱਥ ਤੇ ਰੂਟ ਤੋਂ ਘੱਟ ਤਨਖਾਹ

12/02/2017 9:39:46 AM

ਨਵੀਂ ਦਿੱਲੀ (ਬਿਊਰੋ)— ਮੈਦਾਨ ਉੱਤੇ ਰਿਕਾਰਡ ਬਣਾਉਣ ਤੋਂ ਲੈ ਕੇ ਕਮਾਈ ਦੇ ਮਾਮਲੇ ਵਿਚ ਵੀ ਵਿਰਾਟ ਕੋਹਲੀ ਇਸ ਸਮੇਂ ਟਾਪ ਉੱਤੇ ਹਨ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋ ਸਕਦੀ ਹੈ ਕਿ ਉਨ੍ਹਾਂ ਦੀ ਸੈਲਰੀ ਇਸ ਸਮੇਂ ਇੰਗਲੈਂਡ ਦੇ ਕਪਤਾਨ ਜੋ ਰੂਟ ਅਤੇ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਤੋਂ ਕਾਫ਼ੀ ਘੱਟ ਹੈ। ਪਿਛਲੇ ਸਾਲ ਕੋਹਲੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕ੍ਰਿਕਟਰ ਰਹੇ ਅਤੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਾਰੀਆਂ ਖੇਡਾਂ ਦੇ ਖਿਡਾਰੀਆਂ ਵਿਚ ਸ਼ਾਮਲ ਇਕਲੌਤੇ ਕ੍ਰਿਕਟਰ ਸਨ।

ਛੇਤੀ ਤਨਖਾਹ ਦੁੱਗਣੀ ਹੋ ਸਕਦੀ ਹੈ
ਇਸਦੇ ਬਾਵਜੂਦ ਬੋਰਡ ਵੱਲੋਂ ਮਿਲਣ ਵਾਲੀ ਸੈਲਰੀ ਅਤੇ ਮੈਚ ਫੀਸ ਮਿਲਾ ਕੇ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਅਤੇ ਇੰਗਲਿਸ਼ ਬੱਲੇਬਾਜ਼ ਜੋ ਰੂਟ ਤੋਂ ਪਿੱਛੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਵੀ ਉਨ੍ਹਾਂ ਤੋਂ ਜ਼ਿਆਦਾ ਤਨਖਾਹ ਮਿਲ ਰਹੀ ਹੈ। ਹਾਲਾਂਕਿ, ਤਨਖਾਹ ਵਧਾਉਣ ਦੀ ਕੋਹਲੀ ਦੀ ਮੰਗ ਨੂੰ ਸੀ.ਓ.ਏ. ਚੀਫ ਨੇ ਮੰਨ  ਲਈ ਹੈ ਅਤੇ ਛੇਤੀ ਹੀ ਉਨ੍ਹਾਂ ਦੀ ਤਨਖਾਹ ਦੁੱਗਣੀ ਹੋ ਸਕਦੀ ਹੈ।

141 ਕਰੋੜ 90 ਲੱਖ ਦੀ ਕੀਤੀ ਕਮਾਈ
ਫੋਰਬਸ ਮੈਗਜੀਨ ਮੁਤਾਬਕ ਵਿਰਾਟ ਕੋਹਲੀ ਸਾਲ 2016 ਵਿਚ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕ੍ਰਿਕਟਰ ਸਨ। ਪਿਛਲੇ ਸਾਲ ਵਿਰਾਟ ਕੋਹਲੀ ਨੇ ਕਰੀਬ 141 ਕਰੋੜ ਅਤੇ 90 ਲੱਖ ਰੁਪਏ ਦੀ ਕਮਾਈ ਕੀਤੀ। ਜਿੱਥੋਂ ਵਿਰਾਟ ਨੂੰ ਸਭ ਤੋਂ ਜ਼ਿਆਦਾ ਆਮਦਨੀ ਹੋਣੀ ਚਾਹੀਦੀ ਹੈ, ਉਥੇ ਹੀ ਵਿਰਾਟ ਦੁਨੀਆ ਦੇ ਬਾਕੀ ਦੋ ਖਿਡਾਰੀਆਂ ਤੋਂ ਪਛੜ ਜਾਂਦੇ ਹਨ ਅਤੇ ਆਪਣੇ ਕੋਚ ਰਵੀ ਸ਼ਾਸਤਰੀ ਤੋਂ ਵੀ। ਆਸਟਰੇਲੀਆਈ ਕਪਤਾਨ ਸਟੀਵ ਸਮਿਥ ਅਤੇ ਇਗਲੈਂਡ ਦੇ ਜੋ ਰੂਟ ਇਸ ਖੇਤਰ ਵਿਚ ਸਾਲਾਨਾ ਕਮਾਈ ਵਿਚ ਉਨ੍ਹਾਂ ਤੋਂ ਅੱਗੇ ਹਨ।

ਇੰਨੇ ਕਰੋੜ ਕਮਾਉਂਦੇ ਹਨ ਸਮਿੱਥ ਤੇ ਜੋ ਰੂਟ
ਸਟੀਵ ਸਮਿਥ ਇਸ ਮਾਮਲੇ ਵਿਚ ਜਿੱਥੇ ਸਾਲ ਭਰ ਵਿਚ ਸਾਢੇ 9 ਕਰੋੜ ਰੁਪਏ ਕਮਾਉਂਦੇ ਹਨ ਤਾਂ ਜੋ ਰੂਟ ਦੀ ਕਮਾਈ ਕਰੀਬ 9 ਕਰੋੜ ਰੁਪਏ ਹੈ। ਵਿਰਾਟ ਕੋਹਲੀ ਦੀ ਗੱਡੀ ਇੱਥੇ ਕਰੀਬ ਸਾਢੇ ਛੇ ਕਰੋੜ ਰੁਪਏ ਸਾਲਾਨਾ ਉੱਤੇ ਹੀ ਆ ਕੇ ਥੰਮ ਜਾਂਦੀ ਹੈ। ਇਹ ਉਹ ਸਾਲਾਨਾ ਕਮਾਈ ਹੈ ਜੋ ਇਨ੍ਹਾਂ ਖਿਡਾਰੀਆਂ ਨੂੰ ਤਨਖਾਹ ਦੇ ਰੂਪ ਵਿਚ ਆਪਣੇ-ਆਪਣੇ ਬੋਰਡਾਂ ਤੋਂ ਮਿਲਦੀ ਹੈ। ਸਾਲ ਵਿਚ ਬੀ.ਸੀ.ਸੀ.ਆਈ. ਤੋਂ ਪ੍ਰਾਪਤ ਹੋਣ ਵਾਲੀ ਸੰਧੀ ਰਾਸ਼ੀ (2 ਕਰੋੜ ਰੁਪਏ) ਅਤੇ ਮੈਚ ਫੀਸ ਨੂੰ ਮਿਲਾ ਕੇ ਵਿਰਾਟ ਕੋਹਲੀ ਦੀ ਤਨਖਾਹ ਕਰੀਬ ਸਾਢੇ ਛੇ ਕਰੋੜ ਰੁਪਏ ਦੇ ਆਸ-ਪਾਸ ਹੀ ਰਹਿੰਦੀ ਹੈ। ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਬੀ.ਸੀ.ਸੀ.ਆਈ. ਸਾਲਾਨਾ ਸਾਢੇ ਸੱਤ ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਭੁਗਤਾਨ ਕਰ ਰਿਹਾ ਹੈ।