ਵਿਰਾਟ ਕੋਹਲੀ ਨੂੰ ਗਲਤ ਤਰੀਕੇ ਨਾਲ ਕਪਤਾਨ ਚੁਣਿਆ ਗਿਆ ਹੈ : ਸੁਨੀਲ ਗਾਵਸਕਰ

07/29/2019 3:49:55 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਦੈ ਦੌਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਰਾਟ ਕੋਹਲੀ ਦੀ ਅਗਵਾਈ ਵਿਚ ਟੀਮ ਸੋਮਵਾਰ ਰਾਤ ਦੌਰੇ ਲਈ ਰਵਾਨਾ ਹੋ ਜਾਵੇਗੀ। ਹਾਲਾਂਕਿ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਇਸ ਦੌਰੇ ਲਈ ਟੀਮ ਦੀ ਚੋਣ ਪ੍ਰਕਿਰਿਆ 'ਤੇ ਸਵਾਲ ਖੜੇ ਕਰ ਦਿੱਤੇ ਹਨ। ਭਾਰਤੀ ਕ੍ਰਿਕਟ ਇਤਿਹਾਸ ਦੇ ਧਾਕੜ ਕ੍ਰਿਕਟਰ ਨੇ ਸਾਬਕਾ ਵਿਕਟਕੀਪਰ ਦੀ ਅਗਵਾਈ ਵਾਲੀ ਚੋਣ ਕਮੇਟੀ 'ਤੇ ਵਿਰਾਟ ਕੋਹਲੀ ਨੂੰ ਦੋਬਾਰਾ ਕਪਤਾਨ ਚੁਣਨ ਦੀ ਪ੍ਰਕਿਰਿਆ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾਇਆ ਹੈ। ਮਿਡ ਡੇ ਵਿਚ ਲਿਖੇ ਆਪਣੇ ਕਾਲਮ ਵਿਚ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਚੋਣਕਾਰਾਂ ਨੇ ਵੈਸਟਇੰਡੀਜ਼ ਦੌਰੇ ਲਈ ਟੀਮ ਦੀ ਚੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਕਪਤਾਨ ਚੁਣਨ ਲਈ ਕੋਈ ਬੈਠਕ ਨਹੀਂ ਕੀਤੀ। ਇਸ ਤੋਂ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਵਿਰਾਟ ਆਪਣੀ ਅਤੇ ਚੋਣ ਕਮੇਟੀ ਦੀ ਖੁਸ਼ੀ ਨਾਲ ਕਪਤਾਨ ਬਣੇ ਹਨ।

ਗਾਵਸਕਰ ਅੱਗੇ ਲਿਖਦੇ ਹਨ ਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ, ਉਸਦੇ ਹਿਸਾਬ ਨਾਲ ਵਿਰਾਟ ਕੋਹਲੀ ਵਰਲਡ ਕੱਪ ਤੱਕ ਲਈ ਕਪਤਾਨ ਚੁਣੇ ਗਏ ਸੀ। ਇਸ ਤੋਂ ਬਾਅਦ ਚੋਣ ਕਮੇਟੀ ਨੂੰ ਵਿਰਾਟ ਦੀ ਦੋਬਾਰਾ ਕਪਤਾਨ ਦੇ ਤੌਰ 'ਤੇ ਨਿਯੁਕਤੀ ਲਈ ਬੈਠਕ ਕਰਨੀ ਚਾਹੀਦੀ ਸੀ ਫਿਰ ਭਾਂਵੇ ਉਹ 5 ਮਿੰਟ ਲਈ ਹੀ ਕਿਉਂ ਨਾ ਬੈਠਦੇ। ਸੁਨੀਲ ਗਾਵਸਕਰ ਨੇ ਕਿਹਾ ਕਿ ਇਕ ਯੋਜਨਾਬੱਧ ਇੰਡੀਅਨ ਪਲੇਅਰਸ ਐਸੋਸੀਏਸ਼ਨ ਦਾ ਗਠਨ ਹੋਣਾ ਚਾਹੀਦੈ, ਜਿਸ ਵਿਚ ਮੌਜੂਦਾ ਕ੍ਰਿਕਟਰ ਵੀ ਸ਼ਾਮਲ ਹੋਣ। ਨਹੀਂ ਤਾਂ ਇਹ ਐਸੋਸੀਏਸ਼ਨ ਲੇਮ ਡਕ ਆਰਗਨਾਈਜ਼ੇਸ਼ਨ (ਲੰਗੜੀ ਬਤਖ) ਬਣ ਕੇ ਰਹਿ ਜਾਵੇਗੀ। ਮੌਜੂਦਾ ਭਾਰਤੀ ਚੋਣ ਕਮੇਟੀ ਵੀ ਲੰਗੜੀ ਬਤਖ ਵਰਗੀ ਹੀ ਹੈ।