ਵਿਰਾਟ ਨੂੰ ਦਬਾਅ ’ਚ ਗਲਤੀਆਂ ਕਰਦੇ ਦੇਖਣਾ ਚੰਗਾ ਲੱਗਾ :  ਟ੍ਰੇਂਟ ਬੋਲਟ

03/01/2020 4:38:19 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਸੀਨੀਅਰ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਐਤਵਾਰ ਨੂੰ ਦੂਜੇ ਟੈਸਟ ਦੇ ਦੂਜੇ ਦਿਨ ਕਿਹਾ ਕਿ ਵਿਰਾਟ ਕੋਹਲੀ ਜਿਹੇ ਵਿਸ਼ਵ ਪੱਧਰੀ ਬੱਲੇਬਾਜ਼ ਨੂੰ ਦਬਾਅ ’ਚ ਗਲਤੀਆਂ ਕਰਦੇ ਦੇਖਣਾ ਕਾਫੀ ਚੰਗਾ ਸੀ। ਬੋਲਟ ਨੇ 12 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ ਜਿਸ ਨਾਲ ਭਾਰਤੀ ਟੀਮ ਸਟੰਪ ਤਕ ਦੂਜੀ ਪਾਰੀ ’ਚ 6 ਵਿਕਟਾਂ ਗੁਆ ਚੁੱਕੀ ਸੀ। ਟੀਮ 90 ਦੌੜਾਂ ਬਣਾ ਕੇ ਖੇਡ ਰਹੀ ਸੀ ਅਤੇ ਉਸ ਦੀ ਕੁਲ ਬੜ੍ਹਤ 97 ਦੌੜਾਂ ਦੀ ਹੋ ਗਈ ਹੈ। ਮੇਜ਼ਬਾਨਾਂ ਨੇ ਪੂਰੀ ਟੈਸਟ ਸੀਰੀਜ਼ ’ਚ ਖ਼ਤਰਨਾਕ ਕੋਹਲੀ ਨੂੰ ਵੱਡੀ ਪਾਰੀ ਨਹੀਂ ਖੇਡਣ ਦਿੱਤੀ ਜੋ ਆਪਣੀਆਂ ਚਾਰ ਪਾਰੀਆਂ ’ਚ 20 ਦੌੜਾਂ ਦੇ ਸਕੋਰ ਤਕ ਵੀ ਨਹੀਂ ਪਹੁੰਚ ਸਕੇ। 

ਬੋਲਟ ਨੂੰ ਜਦੋਂ ਪੁੱਛਿਆ ਗਿਆ ਕਿ ਕੋਹਲੀ ਨੂੰ ਰੋਕ ਕੇ ਰੱਖਣ ਦਾ ਰਾਜ਼ ਕੀ ਹੈ ਤਾਂ ਉਨ੍ਹਾਂ ਕਿਹਾ, ‘‘ਉਹ (ਕੋਹਲੀ) ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ’ਚੋਂ ਇਕ ਹਨ, ਇਸ ’ਚ ਕੋਈ ਸ਼ੱਕ ਨਹੀਂ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਦੀ ਰਣਨੀਤੀ ਬਾਊਂਡਰੀ ਗੇਂਦ ਘੱਟ ਗਿਣਤੀ ’ਚ ਕਰਾ ਕੇ ਕੋਹਲੀ ਨੂੰ ਦਬਾਅ ’ਚ ਲਿਆਉਣ ਦੀ ਸੀ। ਬੋਲਟ ਨੇ ਕਿਹਾ, ‘‘ਯਕੀਨੀ ਤੌਰ ’ਤੇ ਉਹ ਇਨ੍ਹਾਂ ਨੂੰ ਬਹੁਤ ਵਧੀਆ ਢੰਗ ਨਾਲ ਖੇਡਦਾ ਹੈ ਅਤੇ ਅਸੀਂ ਉਸ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਬਾਊਂਡਰੀ ਗੇਂਦ ਨੂੰ ਘੱਟ ਰਖ ਕੇ ਉਸ ਦੇ ਬੱਲੇ ਨੂੰ ਚੁੱਪ ਰਖਿਆ ਅਤੇ ਉਸ ਨੂੰ ਕੁਝ ਗਲਤੀਆਂ ਕਰਦਾ ਦੇਖ ਚੰਗਾ ਲੱਗਾ ਸੀ।’’ ਭਾਰਤੀ ਬੱਲੇਬਾਜ਼ੀ ਲਾਈਨ ਅਪ ਨੂੰ ਮੂਵ ਕਰਦੀ ਹੋਈ ਗੇਂਦਾਂ ’ਤੇ ਕਾਫੀ ਪਰੇਸ਼ਾਨ ਹੋ ਰਹੀ ਸੀ। ਇਸ ’ਤੇ ਬੋਲਟ ਨੇ ਕਿਹਾ, ‘‘ਸ਼ਾਇਦ ਉਹ ਭਾਰਤ ’ਚ ਹੇਠਲੀਆਂ ਅਤੇ ਸਲੋਅ ਪਿੱਚਾਂ ’ਤੇ ਖੇਡਣ ਦੇ ਆਦੀ ਹਨ ਅਤੇ ਉਨ੍ਹਾਂ ਨੂੰ ਇੱਥੇ ਤਾਲਮੇਲ ਬਿਠਾਉਣ ’ਚ ਸਮਾਂ ਲੱਗਾ। ਉਸੇ ਤਰ੍ਹਾਂ ਜੇਕਰ ਮੈਂ ਭਾਰਤ ’ਚ ਗੇਂਦਬਾਜ਼ੀ ਕਰਾਂਗਾ ਤਾਂ ਉਹ ਹਾਲਾਤ ਮੇਰੇ ਲਈ ਅਲਗ ਹੀ ਹੋਣਗੇ।’’

Tarsem Singh

This news is Content Editor Tarsem Singh