ਵਿਰਾਟ ਵੱਲੋਂ ਗਾਂਗੁਲੀ ਦੀ ਸ਼ਲਾਘਾ ਕਰਨੀ ਗਾਵਸਕਰ ਨੂੰ ਨਹੀਂ ਆਈ ਪਸੰਦ, ਜਤਾਈ ਨਾਰਾਜ਼ਗੀ

11/25/2019 9:43:42 AM

ਕੋਲਕਾਤਾ— ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਭਾਰਤੀ ਟੈਸਟ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਟੀਮ ਨੇ ਇਸ ਸਾਲ ਆਸਟਰੇਲੀਆ ਨੂੰ ਉਸ ਦੇ ਘਰ ਵਿਚ ਪਹਿਲੀ ਵਾਰ ਟੈਸਟ ਲੜੀ ਵਿਚ ਮਾਤ ਦਿੱਤੀ ਸੀ। ਘਰ ਵਿਚ ਤਾਂ ਹਮੇਸ਼ਾ ਹੀ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਪਰ ਟੀਮ ਇੰਡੀਆ ਦੇ ਇਤਿਹਾਸ ਨੂੰ ਪੇਸ਼ ਕਰਨ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਆਹਮੋ-ਸਾਹਮਣੇ ਆ ਗਏ।

ਗੁਲਾਬੀ ਟੈਸਟ ਵਿਚ ਬੰਗਲਾਦੇਸ਼ ਨੂੰ ਹਰਾਉਣ ਤੋਂ ਬਾਅਦ ਪੁਰਸਕਾਰ ਵੰਡ ਸਮਾਗਮ ਵਿਚ ਕੋਹਲੀ ਨੇ ਕਿਹਾ ਕਿ ਇਹ ਪਰੰਪਰਾ ਦਾਦਾ (ਸੌਰਵ ਗਾਂਗੁਲੀ) ਨੇ ਸ਼ੁਰੂ ਕੀਤੀ ਸੀ, ਜਿਸ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਦਰਅਸਲ ਸੰਜੇ ਮੰਜਰੇਕਰ ਨੇ ਵਿਰਾਟ ਨੂੰ ਇਥੇ ਭਾਰਤੀ ਤੇਜ਼ ਗੇਂਦਬਾਜ਼ਾਂ ਵੱਲੋਂ ਬਾਊਂਸਰਾਂ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਡਾ ਇਕ ਮਕਸਦ ਹੈ ਖ਼ੁਦ ਨੂੰ ਮੈਦਾਨ ਵਿਚ ਸਥਾਪਤ ਕਰਨਾ। ਅਸੀਂ ਸਾਰੇ ਜਾਣਦੇ ਹਾਂ ਕਿ ਟੈਸਟ ਕ੍ਰਿਕਟ ਮਾਨਸਿਕ ਲੜਾਈ ਹੈ। ਮੇਰਾ ਮਤਲਬ ਹੈ ਕਿ ਪਹਿਲਾਂ ਕੋਈ ਵੀ ਬੱਲੇਬਾਜ਼ਾਂ ਨੂੰ ਜ਼ਖ਼ਮੀ ਕਰਨਾ ਨਹੀਂ ਚਾਹੁੰਦਾ ਸੀ। ਇਹ ਸਿਰਫ਼ ਇੰਨਾ ਹੀ ਹੁੰਦਾ ਸੀ ਕਿ ਅਸੀਂ ਬੱਲੇਬਾਜ਼ਾਂ ਦੇ ਦਿਮਾਗ 'ਚ ਵੜ ਜਾਈਏ ਤੇ ਉਨ੍ਹਾਂ ਨੂੰ ਆਊਟ ਕਰ ਸਕੀਏ ਅਤੇ ਅਜਿਹਾ ਹੀ ਹੋਇਆ ਪਰ ਹੁਣ ਅਸੀਂ ਖੜ੍ਹਾ ਹੋਣਾ ਸਿੱਖ ਲਿਆ ਹੈ। ਇਹ ਸਭ ਕੁਝ ਦਾਦਾ (ਸੌਰਵ ਗਾਂਗੁਲੀ) ਦੇ ਜ਼ਮਾਨੇ ਵਿਚ ਸ਼ੁਰੂ ਹੋਇਆ ਸੀ, ਜਿਸ ਨੂੰ ਅਸੀਂ ਅੱਗੇ ਵਧਾ ਰਹੇ ਹਾਂ। ਹੁਣ ਸਾਡੀ ਗੇਂਦਬਾਜ਼ੀ ਬੇਖੌਫ਼ ਹੈ ਅਤੇ ਉਨ੍ਹਾਂ ਨੂੰ ਆਪਣੇ ਉਪਰ ਪੂਰਾ ਭਰੋਸਾ ਹੈ। ਉਹ ਕਿਸੇ ਵੀ ਬੱਲੇਬਾਜ਼ ਦੇ ਸਾਹਮਣੇ ਖੇਡਣ ਨੂੰ ਤਿਆਰ ਹਨ। ਅਸੀਂ ਬੀਤੇ ਤਿੰਨ ਤੋਂ ਚਾਰ ਸਾਲ ਵਿਚ ਜੋ ਵੀ ਮਿਹਨਤ ਕੀਤੀ ਹੈ ਹੁਣ ਉਸ ਦਾ ਫਲ ਤੋੜ ਰਹੇ ਹਾਂ। ਜਦ ਇਕ ਟੀਮ ਤਿਆਰ ਹੋ ਰਹੀ ਹੁੰਦੀ ਹੈ, ਉਦੋਂ ਬਹੁਤ ਕੁਝ ਕਹਿਣ ਦੀ ਜ਼ਰੂਰਤ ਹੁੰਦੀ ਹੈ। ਹੁਣ ਸਾਡੇ ਖਿਡਾਰੀ ਜਾਣਦੇ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਹੈ।

ਇਸ ਸਨਮਾਨ ਸਮਾਰੋਹ ਤੋਂ 30 ਗਜ ਦੂਰ ਖੜ੍ਹੇ ਸੁਨੀਲ ਗਵਾਸਕਰ ਇਸ ਨੂੰ ਸੁਣ ਰਹੇ ਸਨ। ਸਨਮਾਨ ਸਮਾਰੋਹ ਤੋਂ ਬਾਅਦ ਜਦ ਗਾਵਸਕਰ ਤੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਦਾਦਾ ਇਸ ਸਮੇਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਹਨ ਤਾਂ ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਦੀ ਸ਼ਲਾਘਾ ਕੀਤੀ ਹੀ ਜਾਣੀ ਚਾਹੀਦੀ ਹੈ ਪਰ ਅਜਿਹਾ ਨਹੀਂ ਕਿ ਇਹ ਸਭ 2000 (ਗਾਂਗੁਲੀ ਬੰਗਲਾਦੇਸ਼ ਖਿਲਾਫ਼ ਕਪਤਾਨ ਬਣੇ) ਤੋਂ ਬਾਅਦ ਸ਼ੁਰੂ ਹੋਇਆ। 1970-71 ਵਿਚ ਭਾਰਤੀ ਟੀਮ ਵੈਸਟਇੰਡੀਜ਼ ਜਾ ਕੇ ਉਥੇ ਪੰਜ ਮੈਚਾਂ ਦੀ ਲੜੀ ਵਿਚ 1-0 ਨਾਲ ਜਿੱਤ ਕੇ ਆਈ ਸੀ। 1971 ਵਿਚ ਇੰਗਲੈਂਡ ਨੂੰ ਉਸ ਦਾ ਘਰ ਵਿਚ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਹਰਾਇਆ ਸੀ। 1975-76 ਵਿਚ ਨਿਊਜ਼ੀਲੈਂਡ ਵਿਚ ਜਾ ਕੇ 1-1 ਨਾਲ ਡਰਾਅ ਖੇਡਿਆ ਸੀ। ਵਿਰਾਟ ਨੂੰ ਸ਼ਾਇਦ ਇਹ ਪਤਾ ਨਹੀਂ ਹੋਵੇਗਾ। ਵਿਰਾਟ ਉਸ ਸਮੇਂ ਪੈਦਾ ਵੀ ਨਹੀਂ ਹੋਏ ਸਨ। 1980-81 ਵਿਚ ਆਸਟ੍ਰੇਲੀਆ ਵਿਚ ਤਿੰਨ ਮੈਚਾਂ ਦੀ ਲੜੀ 1-1 ਨਾਲ ਡਰਾਅ ਖੇਡੀ ਸੀ। 1986 ਵਿਚ ਇੰਗਲੈਂਡ ਨੂੰ ਉਸ ਦੇ ਘਰ ਵਿਚ ਤਿੰਨ ਮੈਚਾਂ ਦੀ ਲੜੀ ਵਿਚ 2-0 ਨਾਲ ਹਰਾਇਆ ਤਾਂ ਅਜਿਹਾ ਨਹੀਂ ਹੈ ਕਿ ਸਭ ਕੁਝ 2000 ਤੋਂ ਬਾਅਦ ਹੀ ਸ਼ੁਰੂ ਹੋਇਆ। ਪਿਛਲੀ ਸਦੀ ਦੇ ਅੱਠਵੇਂ ਤੇ 9ਵੇਂ ਦਹਾਕੇ ਵਿਚ ਵੀ ਭਾਰਤੀ ਟੀਮ ਨੇ ਹਮਲਾਵਾਰ ਰੁਖ਼ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸੀ।

Tarsem Singh

This news is Content Editor Tarsem Singh