ਵਿਰਾਟ ਕੋਹਲੀ ਦੀ ਵਨ-ਡੇ ਕਪਤਾਨੀ ਬਾਰੇ BCCI ਦੋ ਧਿਰਾਂ ''ਚ ਵੰਡਿਆ, ਫ਼ੈਸਲਾ ਕੁਝ ਦਿਨਾਂ ''ਚ

12/02/2021 11:05:56 AM

ਮੁੰਬਈ- ਵਿਰਾਟ ਕੋਹਲੀ ਦੇ ਵਨ-ਡੇ ਕਪਤਾਨ ਬਣੇ ਰਹਿਣ 'ਤੇ ਫ਼ੈਸਲਾ ਇਸ ਹਫ਼ਤੇ ਹੋ ਜਾਵੇਗਾ ਜਦੋਂ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਰਾਸ਼ਟਰੀ ਚੋਣ ਕਮੇਟੀ ਦੱਖਣੀ ਅਫ਼ਰੀਕਾ ਦੇ ਆਗਾਮੀ ਦੌਰੇ ਦੇ ਲਈ ਟੀਮ ਦੀ ਚੋਣ ਕਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਚੋਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੱਖਣੀ ਅਫ਼ਰੀਕਾ 'ਚ ਕੋਵਿਡ-19 ਦਾ ਨਵਾਂ ਵੈਰੀਏਂਟ ਪਾਏ ਜਾਣ ਦੇ ਬਾਵਜੂਦ ਅਜੇ ਦੌਰਾ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੀ ਹੋਵੇਗਾ ਹਾਲਾਂਕਿ ਉਹ ਸਥਿਤੀ 'ਤੇ ਕਰੀਬੀ ਨਜ਼ਰ ਬਣਾਏ ਹੋਏ ਹਨ।

ਸਾਲ 2022 'ਚ ਜ਼ਿਆਦਾਤਰ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ ਜਿਸ 'ਚ ਆਸਟਰੇਲੀਆ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਵੀ ਸ਼ਾਮਲ ਹੈ। ਵਰਤਮਾਨ ਪ੍ਰੋਗਰਾਮ ਦੇ ਮੁਤਾਬਕ ਅਗਲੇ 7 ਮਹੀਨਿਆਂ 'ਚ ਭਾਰਤ ਨੂੰ 9 ਵਨ-ਡੇ ਖੇਡਣਗੇ ਹਨ ਜਿਸ 'ਚ 6 ਵਿਦੇਸ਼ (ਤਿੰਨ ਦੱਖਣੀ ਅਫਰੀਕਾ ਤੇ 3 ਇੰਗਲੈਂਡ) 'ਚ ਖੇਡੇ ਜਾਣਗੇ।

ਬੀ. ਸੀ. ਸੀ. ਆਈ. 'ਚ ਇਕ ਧਿਰ ਕੋਹਲੀ ਨੂੰ ਵਨ-ਡੇ ਕਪਤਾਨ ਬਣਾਏ ਰੱਖਣ ਦੇ ਪੱਖ 'ਚ ਹੈ ਤਾਂ ਦੂਜੀ ਧਿਰ ਟੀ-20 ਤੇ ਵਨ-ਡੇ ਦੋਵਾਂ ਦੀ ਕਪਤਾਨੀ ਇਕ ਹੀ ਖਿਡਾਰੀ ਨੂੰ ਸੌਂਪਣ ਦੇ ਪੱਖ 'ਚ ਹੈ ਤਾਂ ਜੋ ਰੋਹਿਤ ਸ਼ਰਮਾ ਨੂੰ 2023 ਵਨ-ਡੇ ਵਿਸ਼ਵ ਕੱਪ ਲਈ ਚੰਗੀ ਤਿਆਰੀ ਕਰਨ ਦਾ ਮੌਕਾ ਮਿਲ ਸਕੇ। ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਆਖ਼ਰੀ ਫ਼ੈਸਲਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਲੈਣਗੇ।

Tarsem Singh

This news is Content Editor Tarsem Singh