ਧੋਨੀ ਦੇ ਜਨਮਦਿਨ ''ਤੇ ਵਿਰਾਟ ਵੱਲੋਂ ਕੀਤੇ ਟਵੀਟ ਨੇ ਰਚਿਆ ਇਤਿਹਾਸ, ਲੋਕਾਂ ਨੇ ਕੀਤਾ ਰੱਜ ਕੇ ਪਸੰਦ

12/11/2019 5:42:47 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਜੁਲਾਈ ਵਿਚ ਉਸ ਦੇ ਜਨਮਦਿਨ 'ਤੇ ਟਵੀਟ ਦੇ ਜ਼ਰੀਏ ਵਧਾਈ ਦਿੱਤੀ ਸੀ। ਇਹ ਟਵੀਟ ਸਪੋਰਟਸ ਜਗਤ ਵਿਚ ਸਾਲ 2019 ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਟਵੀਟ ਬਣ ਗਿਆ ਹੈ। ਕੋਹਲੀ ਵੱਲੋਂ ਧੋਨੀ ਨੂੰ ਦਿੱਤਾ ਇਹ ਵਧਾਈ ਟਵੀਟ 47 ਹਜ਼ਾਰ ਤੋਂ ਵੱਧ ਵਾਰ ਰੀਟਵੀਟ ਹੋਇਆ ਹੈ।

ਧੋਨੀ ਇਸ ਸਾਲ 7 ਜੁਲਾਈ ਨੂੰ 38 ਸਾਲਾਂ ਦੇ ਹੋ ਗਏ ਹਨ ਅਤੇ ਇਸ ਦੌਰਾਨ ਕੋਹਲੀ ਨੇ ਟਵਿੱਟਰ 'ਤੇ ਉਸ ਨੂੰ ਵਧਾਈ ਦਿੰਦਿਆਂ ਲਿਖਿਆ ਸੀ , ''ਹੈਪੀ ਬਰਥਡੇਅ ਮਾਹੀ ਭਰਾ। ਬਹੁਤ ਘੱਟ ਲੋਕ ਭਰੋਸਾ ਅਤੇ ਸਨਮਾਨ ਦਾ ਮਤਲਬ ਸਮਝਦੇ ਹਨ। ਮੈਨੂੰ ਖੁਸ਼ੀ ਹੈ ਕਿ ਮੇਰੀ ਤੁਹਾਡੇ ਨਾਲ ਇੰਨੇ ਸਾਲਾਂ ਦੀ ਦੋਸਤੀ ਰਹੀ ਹੈ। ਤੁਸੀਂ ਸਾਰਿਆਂ ਲਈ ਵੱਡੇ ਭਰਾ ਹੋ ਅਤੇ ਜਿਵੇਂ ਕਿ ਮੈਂ ਪਹਿਲਾ ਕਿਹਾ ਸੀ ਕਿ ਤੁਸੀਂ ਹਮੇਸ਼ਾ ਮੇਰੇ ਕਪਤਾਨ ਰਹੋਗੇ।''

ਕੋਹਲੀ ਅਤੇ ਧੋਨੀ ਦੋਵੇਂ ਭਾਰਤੀ ਕ੍ਰਿਕਟ ਦੇ ਸਭ ਤੋਂ ਪ੍ਰਸਿੱਧ ਕਪਤਾਨਾਂ ਵਿਚੋਂ ਇਕ ਹਨ ਅਤੇ ਇਸ ਗੱਲ ਦਾ ਸਬੂਤ ਹੁਣ ਟਵਿੱਟਰ ਇੰਡੀਆ ਨੇ ਦੇ ਦਿੱਤਾ ਹੈ। ਉਸ ਤੋਂ ਇਲਾਵਾ ਰੋਹਿਤ ਸ਼ਰਮਾ, ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਟਾਪ 5 ਦੀ ਸੂਚੀ ਵਿਚ ਸ਼ਾਮਲ ਹਨ। ਭਾਰਤੀ ਪੁਰਸ਼ ਖਿਡਾਰੀਆਂ ਵਿਚ ਟਾਪ 10 ਵਿਚ ਸਾਰੇ ਕ੍ਰਿਕਟਰ ਹੀ ਸ਼ਾਮਲ ਹਨ।

ਜੇਕਰ ਮਹਿਲਾ ਖਿਡਾਰੀਆਂ ਦੀ ਗੱਲ ਕਰੀਏ ਤਾਂ ਭਾਰਤੀ ਸ਼ਟਲਰ ਪੀ. ਵੀ. ਸਿੰਧੁ ਪਹਿਲੇ ਸਥਾਨ 'ਤੇ ਹੈ, ਜਿਸ ਨੇ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ 2019 ਵਿਚ ਸੋਨ ਤਮਗਾ ਜਿੱਤਿਆ ਸੀ। ਉਸ ਤੋਂ ਪਹਿਲਾਂ ਹਿਮਾ ਦਾਸ ਕੁਝ ਸਾਲਾਂ ਤਕ ਟਵਿੱਟਰ 'ਤੇ ਸਭ ਤੋਂ ਮਸ਼ਹੂਰ ਭਾਰਤੀ ਮਹਿਲਾ ਖਿਡਾਰੀ ਰਹੀ ਹੈ। ਇਸ ਤੋਂ ਇਲਾਵਾ ਇਸ ਸੂਚੀ ਵਿਚ ਟਾਪ 5 ਵਿਚ ਸਾਨੀਆ ਮਿਰਜ਼ਾ, ਸਾਇਨਾ ਨੇਹਵਾਲ ਅਤੇ ਮਿਤਾਲੀ ਰਾਜ ਵੀ ਸ਼ਾਮਲ ਹਨ।