ਵਿਨੇਸ਼ ਫੋਗਟ ਨੇ ''ਮੀ ਟੂ'' ਮੁਹਿੰਮ ਦਾ ਕੀਤਾ ਸਮਰਥਨ

11/04/2018 1:26:14 PM

ਭੁਵਨੇਸ਼ਵਰ : ਸਟਾਰ ਪਹਿਲਵਾਨ ਵਿਨੇਸ਼ ਫੋਗਟ ਨੇ ਸ਼ਨੀਵਾਰ 'ਮੀ ਟੂ' ਮੁਹਿੰਮ ਦਾ ਸਮਰਥਨ ਕਰਦਿਆਂ ਕਿਹਾ ਕਿ ਦੇਸ਼ ਨੂੰ ਆਪਣੀਆਂ ਮਹਿਲਾਵਾਂ ਪ੍ਰਤੀ ਹੋਣ ਵਾਲੇ ਸਰੀਰਕ ਸ਼ੋਸ਼ਣ ਨੂੰ ਰੋਕਣ ਦੇ ਤਰੀਕੇ ਲੱਭਣੇ ਚਾਹੀਦੇ ਹਨ। ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਹਾਸਲ ਕਰਨ ਵਾਲੀ ਵਿਨੇਸ਼ ਨੇ ਹਾਲਾਂਕਿ ਕਿਹਾ ਕਿ ਉਸ ਨੇ ਆਪਣੇ ਕਰੀਅਰ 'ਚ ਕਦੇ ਵੀ ਇਸ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਨਹੀਂ ਕੀਤਾ ਹੈ। 

ਉਸ ਨੇ ਇਥੇ ਕਿਹਾ, ''ਅਜਿਹੇ ਮਾਮਲੇ ਖੇਡਾਂ 'ਚ ਵੀ ਹੋ ਸਕਦੇ ਹਨ। ਮੈਂ ਨਹੀਂ ਜਾਣਦੀ ਪਰ ਮੈਨੂੰ ਆਪਣੇ ਕਰੀਅਰ ਵਿਚ ਇਸ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਦਾ ਸਾਹਮਣਾ ਨਹੀਂ ਕਰਨਾ ਪਿਆ। ਮੈਨੂੰ ਇਹ ਵੀ ਲੱਗਦਾ ਹੈ ਕਿ ਮੇਰੇ ਖੇਡ ਕੁਸ਼ਤੀ ਵਿਚ ਇਸ ਤਰ੍ਹਾਂ ਦੇ ਮੁੱਦੇ ਨਹੀਂ ਹੋਣੇ ਚਾਹੀਦੇ।''

ਉਸ ਨੇ ਕਿਹਾ, ''ਮਹਿਲਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਹਨ, ਉਹ ਸਾਹਸੀ ਹਨ। ਜਦੋਂ ਇਕ ਮਹਿਲਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸਾਹਮਣੇ ਲਿਆਉਣਾ ਚਾਹੁੰਦੀ ਹੈ ਤਾਂ ਕਈ ਵਾਰ ਤੁਹਾਡਾ ਪਰਿਵਾਰ ਤੁਹਾਨੂੰ ਅਜਹਾ ਕਰਨ ਤੋਂ ਰੋਕਦਾ ਹੈ ਕਿ ਇਸ ਨਾਲ ਬਦਨਾਮੀ ਹੋਵੇਗੀ। ਦੇਸ਼ ਨੂੰ ਮਹਿਲਾਵਾਂ ਪ੍ਰਤੀ ਇਸ ਤਰ੍ਹਾਂ ਦੇ ਮੁੱਦਿਆਂ ਨਾਲ ਨਜਿੱਠਣਾ ਆਉਣਾ ਚਾਹੀਦਾ ਹੈ।''