ਰਾਜਸਥਾਨ ਦੇ ਖਿਡਾਰੀ ਵਿਨੀਤ ਸਕਸੈਨਾ ਨੇ ਕ੍ਰਿਕਟ ਤੋਂ ਲਿਆ ਸੰਨਿਆਸ

Tuesday, Jan 28, 2020 - 04:09 PM (IST)

ਜੈਪੁਰ— ਰਾਜਸਥਾਨ ਨੂੰ ਰਣਜੀ ਟਰਾਫੀ ਖਿਤਾਬ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕ੍ਰਿਕਟਰ ਵਿਨੀਤ ਸਕਸੈਨਾ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ 39 ਸਾਲਾ ਬੱਲੇਬਾਜ਼ ਨੇ 1998-99 'ਚ ਬੰਗਾਲ ਦੇ ਖਿਲਾਫ ਡੈਬਿਊ ਕੀਤਾ ਸੀ। ਉਨ੍ਹਾਂ ਨੇ ਆਪਣਾ ਆਖ਼ਰੀ ਮੈਚ 2018-19 'ਚ ਉੱਤਰਾਖੰਡ ਵੱਲੋਂ ਵਿਦਰਭ ਖਿਲਾਫ ਖੇਡਿਆ ਸੀ। ਉਹ ਰਾਜਸਥਾਨ ਦੇ ਇਕਲੌਤੇ  ਕ੍ਰਿਕਟਰ ਹਨ ਜਿਨ੍ਹਾਂ ਨੇ ਦੋ ਦਹਾਕਿਆਂ ਤੋਂ ਵੱਧ ਚਲੇ ਆਪਣੇ ਕਰੀਅਰ 'ਚ 100 ਤੋਂ ਵੱਧ ਰਣਜੀ ਮੈਚ ਖੇਡੇ।

ਸਕਸੈਨਾ ਨੇ ਰਾਜਸਥਾਨ, ਰੇਲਵੇ ਅਤੇ ਉੱਤਰਾਖੰਡ ਵੱਲੋਂ ਕੁਲ ਮਿਲਾ ਕੇ 129 ਪਹਿਲੇ ਦਰਜੇ ਦੇ ਮੈਚ ਖੇਡੇ ਜਿਸ 'ਚ 36.89 ਦੀ ਔਸਤ ਨਾਲ 7637 ਦੌੜਾਂ ਬਣਾਈਆਂ। ਇਸ 'ਚ ਇਕ ਦੋਹਰਾ ਸੈਂਕੜਾ, 17 ਸੈਂਕੜੇ ਅਤੇ 38 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਦਾ ਸਰਵਉੱਚ ਸਕੋਰ 257 ਦੌੜਾਂ ਹਨ ਜੋ ਉਨ੍ਹਾਂ ਨੇ 2011-12 ਦੇ ਸੈਸ਼ਨ 'ਚ ਤਾਮਿਲਨਾਡੂ ਖਿਲਾਫ ਰਣਜੀ ਫਾਈਨਲ 'ਚ ਬਣਾਇਆ ਸੀ। ਉਨ੍ਹਾਂ ਦੀ ਇਸ ਪਾਰੀ ਨਾਲ ਰਾਜਸਥਾਨ ਨੇ ਲਗਾਤਾਰ ਦੂਜੇ ਸਾਲ ਰਣਜੀ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਰਣਜੀ ਫਾਈਨਲ 'ਚ ਪੰਜੋ ਦਿਨ ਬੱਲੇਬਾਜ਼ੀ ਕਰਨ ਦਾ ਅਨੋਖਾ ਰਿਕਾਰਡ ਵੀ ਬਣਾਇਆ ਸੀ।

ਉਹ 904 ਮਿੰਟ ਕ੍ਰੀਜ਼ 'ਤੇ ਰਹੇ ਅਤੇ ਉਨ੍ਹਾਂ ਦੀ ਪਾਰੀ ਫਾਈਨਲ 'ਚ ਤੀਜੀ ਸਭ ਤੋਂ ਲੰਬੀ ਪਾਰੀ ਹੈ। ਘਰੇਲੂ ਪੱਧਰ 'ਤੇ ਖੇਡਣ ਦੇ ਇਲਾਵਾ ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਅੰਡਰ-19 ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਸੀ। ਸਕਸੈਨਾ ਨੇ ਕਿਹਾ, '' ਮੈਂ ਘਰੇਲੂ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ 'ਚ ਸ਼ੁਮਾਰ ਹਾਂ ਪਰ ਮੈਨੂੰ ਚੋਟੀ ਦੇ ਪੱਧਰ 'ਤੇ ਬਹੁਤ ਘੱਟ ਮੌਕੇ ਮਿਲੇ ਪਰ ਆਪਣੇ ਲੰਬੇ ਕਰੀਅਰ 'ਚ ਮੈਂ ਜੋ ਕੁਝ ਵੀ ਹਾਸਲ ਕੀਤਾ ਹੈ ਉਸ ਤੋਂ ਮੈਂ ਖੁਸ਼ ਹਾਂ।''  

Tarsem Singh

This news is Content Editor Tarsem Singh