ਵਿਜੇਂਦਰ ਦੀਆਂ ਨਜ਼ਰਾਂ ਆਪਣੇ ਰਿਕਾਰਡ ਨੂੰ ਵਧਾਉਣ ’ਤੇ, ‘ਬੈਟਲ ਆਨ ਸ਼ਿਪ’ ਲਈ ਤਿਆਰ

03/19/2021 12:45:18 AM

ਪਣਜੀ– ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਪੇਸ਼ੇਵਰ ਬਣਨ ਤੋਂ ਬਾਅਦ ਅਜੇ ਤਕ ਕਿਸੇ ਹੱਥੋਂ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਤੇ ਸ਼ੁੱਕਰਵਾਰ ਨੂੰ ਜਦੋਂ ਉਹ ਇੱਥੇ ਰੂਸ ਦੇ ਲੰਬੇ ਕੱਦ ਦੇ ਵਿਰੋਧੀ ਆਰਟੀਸ਼ ਲੋਪਸਾਨ ਵਿਰੁੱਧ ‘ਬੈਟਲ ਆਨ ਸ਼ਿਪ’ ਵਿਚ ਉਤਰੇਗਾ ਤਾਂ ਉਹ ਆਪਣੇ ਇਸ ਰਿਕਾਰਡ ਨੂੰ ਵਧਾਉਣਾ ਚਾਹੇਗਾ। ਬੀਜਿੰਗ ਓਲੰਪਿਕ 2008 ਵਿਚ ਕਾਂਸੀ ਤਮਗਾ ਜਿੱਤਣ ਵਾਲੇ ਵਿਜੇਂਦਰ ਨੂੰ ਪੇਸ਼ੇਵਰ ਬਣਨ ਤੋਂ ਬਾਅਦ ਅਜੇ ਤਕ ਇਕ ਵੀ ਮੁਕਾਬਲੇ ਵਿਚ ਹਾਰ ਨਹੀਂ ਮਿਲੀ ਹੈ ਤੇ ਉਸਦਾ ਰਿਕਾਰਡ 12-0 ਨਾਲ ਹੈ, ਜਿਸ ਵਿਚ 8 ਨਾਕਆਊਟ ਵੀ ਸ਼ਾਮਲ ਹਨ।

ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾਇਆ


35 ਸਾਲਾ ਇਹ ਮੁੱਕੇਬਾਜ਼ ਸੁੱਕਰਵਾਰ ਨੂੰ ‘ਮਜੇਸਟਿਕ ਪ੍ਰਾਈਡ ਕੈਸਿਨੋ ਸ਼ਿਪ’ ਵਿਚ ਕਾਫੀ ਸਮੇਂ ਬਾਅਦ ਰਿੰਗ ਵਿਚ ਪ੍ਰਵੇਸ਼ ਕਰੇਗਾ। ਉਸ ਨੇ ਆਪਣਾ ਪਿਛਲਾ ਮੁਕਾਬਲਾ ਨਵੰਬਰ 2019 ਵਿਚ ਦੁਬਈ ਵਿਚ ਘਾਨਾ ਦੇ ਸਾਬਕਾ ਰਾਸ਼ਟਰਮੰਡਲ ਚੈਂਪੀਅਨ ਚਾਰਲਸ ਐਡਾਮੂ ਵਿਰੁੱਧ ਖੇਡਿਆ ਸੀ। ਉਸ ਨੂੰ 26 ਸਾਲਾ ਰੂਸੀ ਮੁੱਕੇਬਾਜ਼ ਤੋਂ ਸਖਤ ਚੁਣੌਤੀ ਦੀ ਉਮੀਦ ਹੈ ਕਿਉਂਕਿ ਬਤੌਰ ਪੇਸ਼ੇਵਰ ਮੁੱਕੇਬਾਜ਼ ਉਸਦਾ ਵੀ ਰਿਕਾਰਡ ਸ਼ਾਨਦਾਰ ਹੈ। ਲੋਪਸਾਨ 6 ਫੁੱਟ 4 ਇੰਚ ਲੰਬਾ ਹੈ ਤੇ ਪੇਸ਼ੇਵਰ ਮੁੱਕੇਬਾਜ਼ ਦੇ ਤੌਰ ’ਤੇ ਉਸ ਨੇ ਪਿਛਲੇ 6 ਮੁਕਾਬਲਿਆਂ ਵਿਚੋਂ 4 ਵਿਚ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ 'ਚ ਦੋ ਨਾਕਆਊਟ ਸਨ ਜਦਕਿ ਉਸ ਨੂੰ ਇਕ ਵਿਚ ਹਾਰ ਮਿਲੀ ਤੇ ਇਕ ਡਰਾਅ ਰਿਹਾ।

ਇਹ ਖ਼ਬਰ ਪੜ੍ਹੋ- PSL ਮੁਲਤਵੀ ਹੋਣ ਲਈ ਅਫਰੀਦੀ ਨੇ PCB ਨੂੰ ਜ਼ਿੰਮੇਵਾਰ ਠਹਿਰਾਇਆ


ਦੋਵੇਂ ਮੁੱਕੇਬਾਜ਼ ਇੱਥੇ ਟ੍ਰੇਨਿੰਗ ਵਿਚ ਰੁੱਝੇ ਹੋਏ ਹਨ। ਵਿਜੇਂਦਰ ਨੇ ਬੁੱਧਵਾਰ ਨੂੰ ਸਾਲਵਾਡੋਰ-ਡੂ-ਮੁੰਡੋ ਬਾਕਸਿੰਗ ਹਾਲ ਵਿਚ ਦੋਸਤ ਤੇ ਕੋਚ ਜੈ ਭਗਵਾਨ ਦੇ ਨਾਲ ‘ਸਪਾਰਿੰਗ’ (ਕਿਸੇ ਦੂਜੇ ਦੇ ਨਾਲ ਅਭਿਆਸ ਕਰਨਾ) ਕੀਤੀ। ਵਿਜੇਂਦਰ ਨੇ ਕਿਹਾ,‘‘ ਉਹ ਲੰਬਾ ਹੈ ਤੇ ਮੈਂ ਸ਼ੁਰੂ ਵਿਚ ਹੌਲੀ-ਹੌਲੀ ਅੱਗੇ ਵਧਾਂਗਾ ਪਰ ਮੈਨੂੰ ਭਰੋਸਾ ਹੈ ਕਿ ਮੈਂ ਉਸ ਨੂੰ ਹਰਾ ਦੇਵਾਂਗਾ। ਲੰਬਾਈ ਹੀ ਸਭ ਕੁਝ ਨਹੀਂ ਹੁੰਦੀ ਤੇ ਮੁੱਕੇਬਾਜ਼ੀ ਵਿਚ ਤੁਹਾਨੂੰ ਮਜ਼ਬੂਤੀ ਤੇ ਰਣਨੀਤੀ ਦੀ ਲੋੜ ਹੁੰਦੀ ਹੈ। ਮੇਰੇ ਕੋਲ ਤਜਰਬਾ ਹੈ ਤੇ ਲੋਪਸਾਨ ਅਜੇ ਵੀ ਇਸ ਲਿਹਾਜ ਨਾਲ ਬੱਚਾ ਹੈ। 19 ਮਾਰਚ ਤੋਂ ਬਾਅਦ ਵੀ ਮੇਰਾ ਰਿਕਾਰਡ (ਨਾ ਹਾਰ ਜਾਣ ਦਾ) ਜਾਰੀ ਰਹੇਗਾ। ਵਿਰੋਧੀ ਜਿੰਨਾ ਮੁਸ਼ਕਿਲ ਹੋਵੇ, ਉਸ ਨੂੰ ਹਰਾਉਣ ਵਿਚ ਵੀ ਓਨਾ ਹੀ ਮਜ਼ਾ ਆਉਂਦਾ ਹੈ।’’ ਇਸ ਮੁਕਾਬਲੇ ਦੀ ਲਾਈਵ ਸਟ੍ਰੀਮਿੰਗ ‘ਬੁੱਕ ਮਾਈ ਸ਼ੋਅ’ ਤੇ ‘ਫੈਨਕੋਡ’ ਉੱਤੇ ਕੀਤੀ ਜਾਵੇਗੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh