ਵਿਹਾਰੀ ਦਾ ਵੱਡਾ ਸੈਂਕੜਾ, ਵਿਦਰਭ ਸਾਹਮਣੇ 280 ਦੌੜਾਂ ਦਾ ਟੀਚਾ

02/15/2019 9:17:02 PM

ਨਾਗਪੁਰ- ਬਿਹਤਰੀਨ ਫਾਰਮ ਵਿਚ ਚੱਲ ਰਹੇ ਹਨੁਮਾ ਵਿਹਾਰੀ ਦੇ ਲਗਾਤਾਰ ਦੂਜੇ ਸੈਂਕੜੇ ਨਾਲ ਰੈਸਟ ਆਫ ਇੰਡੀਆ ਨੇ ਰਣਜੀ ਚੈਂਪੀਅਨ ਵਿਦਰਭ ਦੇ ਸਾਹਮਣੇ ਸ਼ੁੱਕਰਵਾਰ ਨੂੰ ਇੱਥੇ 280 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਤੇ ਸ਼ੁਰੂ ਵਿਚ ਉਸ ਨੂੰ ਇਕ ਝਟਕਾ ਦੇ ਕੇ ਈਰਾਨੀ ਕੱਪ ਕ੍ਰਿਕਟ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਵਿਦਰਭ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤਕ ਇਕ ਵਿਕਟ 'ਤੇ 37 ਦੌੜਾਂ ਬਣਾਈਆਂ ਹਨ ਤੇ ਉਹ ਟੀਚੇ ਤੋਂ 243 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਰੈਸਟ ਆਫ ਇੰਡੀਆ ਨੇ ਆਪਣੀ ਦੂਜੀ ਪਾਰੀ 3 ਵਿਕਟਾਂ 'ਤੇ 374 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ।
ਮੈਚ ਦਾ ਚੌਥਾ ਦਿਨ ਵਿਹਾਰੀ ਦੇ ਨਾਂ ਰਿਹਾ, ਜਿਸ ਨੇ ਅਜੇਤੂ 180 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ 25 ਸਾਲਾ ਬੱਲੇਬਾਜ਼ ਨੇ ਕਪਤਾਨ ਅਜਿੰਕਯ ਰਹਾਨੇ (87) ਨਾਲ ਤੀਜੀ ਵਿਕਟ ਲਈ 229 ਦੌੜਾਂ ਜੋੜੀਆਂ, ਜਦਕਿ ਸ਼੍ਰੇਅਸ ਅਈਅਰ (ਅਜੇਤੂ 61) ਨਾਲ ਚੌਥੀ ਵਿਕਟ ਲਈ 99 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਵਿਹਾਰੀ ਨੇ 300 ਗੇਂਦਾਂ ਖੇਡੀਆਂ ਤੇ 19 ਚੌਕੇ ਤੇ ਚਾਰ ਛੱਕੇ ਲਾਏ। ਵਿਦਰਭ ਦੀ ਦੂਜੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ ਪਾਰੀ ਦੀ ਤੀਜੀ ਗੇਂਦ 'ਤੇ ਹੀ ਕਪਤਾਨ ਫੈਜ਼ ਫਜ਼ਲ (0) ਦੀ ਵਿਕਟ ਗੁਆ ਦਿੱਤੀ। ਉਸ ਨੂੰ ਅੰਕਿਤ ਰਾਜਪੂਤ ਨੇ ਬੋਲਡ ਕੀਤਾ। ਸਟੰਪਸ ਉਖੜਨ ਦੇ ਸਮੇਂ ਸੰਜੇ ਰਾਮਾਸਵਾਮੀ 17 ਤੇ ਅਰਥਵ ਤਾਵੜੇ 16 ਦੌੜਾਂ 'ਤੇ ਖੇਡ ਰਹੇ ਸਨ।