IND v SL : ਪਿੱਚ ਸੁਕਾਉਣ ਲਈ BCCI ਨੇ ਲਾਇਆ ਅਜੀਬ ਜੁਗਾਡ਼, ਫੈਨਜ਼ ਨੇ ਵੀ ਲਏ ਮਜ਼ੇ

01/06/2020 12:30:20 PM

ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਗੁਹਾਟੀ ਦੇ ਬਰਸਪਰਾ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਣ ਵਾਲਾ ਪਹਿਲਾ ਟੀ-20 ਮੈਦਾਨ ਗਿੱਲਾ ਹੋਣ ਕਾਰਨ ਰੱਦ ਹੋ ਗਿਆ। ਮੁਕਾਬਲਾ ਰੱਦ ਹੋਣ ਤੋਂ ਪਹਿਲਾਂ ਪਿੱਚ ਸੁਕਾਉਣ ਲਈ ਵੈਕਿਊਮ ਕਲੀਨਰ, ਹੇਅਰ ਡ੍ਰਾਇਰ ਅਤੇ ਸਟੀਮ ਆਇਰਨ ਦੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਰੱਜ ਕੇ ਮਜ਼ੇ ਲਏ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

ਦਰਅਸਲ, ਟਾਸ ਤੋਂ ਕਰੀਬ 10 ਮਿੰਟ ਬਾਅਦ ਹੌਲੀ-ਹੌਲੀ ਮੀਂਹ ਸ਼ੁਰੂ ਹੋ ਗਿਆ, ਜੋ ਵੱਧਦਾ ਗਿਆ। ਇਸ ਤੋਂ ਬਾਅਦ ਮੈਦਾਨ ਨੂੰ ਕਵਰ ਨਾਲ ਢੱਕ ਦਿੱਤਾ ਗਿਆ। ਮੀਂਹ ਰੁਕਣ ਤੋਂ ਬਾਅਦ ਜਦੋਂ ਪਿੱਚ ਤੋਂ ਕਵਰ ਚੁੱਕੇ ਗਏ ਤਾਂ ਪਿੱਚ ਦੇ ਕੁੱਝ ਹਿੱਸਿਆਂ 'ਤੇ ਪਾਣੀ ਡਿੱਗ ਗਿਆ, ਜਿਸ ਤੋਂ ਬਾਅਦ ਇਹ ਪੁਰਾ ਡ੍ਰਾਮਾ ਸ਼ੁਰੂ ਹੋਇਆ ਅਤੇ ਪਿੱਚ ਸੁਕਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਗ੍ਰਾਊਂਡ ਸਟਾਫ ਨੇ ਮੈਚ ਰੈਫਰੀ ਨਾਲ ਸਲਾਹ ਕਰਨ ਤੋਂ ਬਾਅਦ ਪਿੱਚ ਨੂੰ ਸੁਕਾਉਣ ਲਈ ਵੈਕਿਊਮ ਕਲੀਨਰ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ। ਜਦੋਂ ਵੈਕਿਊਮ ਕਲੀਨਰ ਨਾਲ ਗੱਲ ਨਹੀਂ ਬਣੀ ਤਾਂ ਗਰਾਊਂਡ ਸਟਾਫ ਨੇ ਹੇਅਰ ਡਰਾਇਰ ਅਤੇ ਸਟੀਮ ਆਇਰਨ ਦੀ ਵੀ ਵਰਤੋਂ ਕੀਤੀ। ਕੌਮਾਂਤਰੀ ਕ੍ਰਿਕਟ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੋਵੇਗਾ, ਜਿਸ ਵਿਚ ਇਨ੍ਹਾਂ ਚੀਜ਼ਾਂ ਦੀ ਵਰਤੋਂ ਪਿੱਚ ਸੁਕਾਉਣ ਲਈ ਕੀਤੀ ਗਈ।

ਇਹ ਪੂਰੇ ਡ੍ਰਾਮੇ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਪਿੱਚ ਨੂੰ ਹੇਅਰ ਡ੍ਰਾਇਰ ਨਾਲ ਸੁਕਾਉਣ ਦੀਆਂ ਤਸਵੀਰਾਂ ਅਪਲੋਡ ਕਰ ਰੱਜ ਕੇ ਮਜ਼ਾਕ ਉਡਾਇਆ। ਪਿੱਚ ਨੂੰ ਵੈਕਿਊਮ ਕਲੀਨਰ ਅਤੇ ਸਟੀਮ ਨਾਲ ਸੁਕਾਉਣ ਨੂੰ ਲੈ ਕੇ ਪ੍ਰਸ਼ੰਸਕਾਂ ਨੇ ਬੀ. ਸੀ. ਸੀ. ਆਈ. ਨੂੰ ਵੀ ਲੰਮੇ ਹੱਥੀ ਲਿਆ ਅਤੇ ਮੀਮਸ ਬਣਾ ਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ।