ICC ਨੇ ਇਸ ਗੇਂਦਬਾਜ਼ ਦੇ ਅੰਤਰਰਾਸ਼ਟਰੀ ਕ੍ਰਿਕਟ ''ਚ ਗੇਂਦਬਾਜ਼ੀ ਕਰਨ ''ਤੇ ਲਗਾਈ ਪਾਬੰਦੀ

02/20/2020 12:32:22 PM

ਸਪੋਰਟਸ ਡੈਸਕ— ਅਮਰੀਕੀ ਕ੍ਰਿਕਟ ਟੀਮ ਦੇ ਆਲਰਾਊਂਡਰ ਨਿਸਾਰਗ ਪਟੇਲ ਦੇ ਗੇਂਦਬਾਜ਼ੀ ਕਰਨ 'ਤੇ ਆਈ. ਸੀ. ਸੀ. ਨੇ ਪਾਬੰਦੀ ਲਗਾ ਦਿੱਤੀ ਹੈ। ਨਿਸਾਰਗ ਪਟੇਲ ਅਮਰੀਕਾ ਦੇ ਖੱਬੇ ਹੱਥ ਦੇ ਗੇਂਦਬਾਜ਼ ਹਨ ਜਿਨ੍ਹਾਂ ਦਾ ਐਕਸ਼ਨ ਸ਼ੱਕੀ ਪਾਇਆ ਗਿਆ ਹੈ। ਆਈ. ਸੀ. ਸੀ. ਪੁਰਸ਼ ਕ੍ਰਿਕਟ ਵਰਲਡ ਲੀਗ-2 ਦੇ ਕਾਠਮੰਡੂ 'ਚ 11 ਫਰਵਰੀ ਨੂੰ ਓਮਾਨ ਅਤੇ ਅਮਰੀਕਾ ਵਿਚਾਲੇ ਹੋਏ ਮੈਚ 'ਚ ਉਨ੍ਹਾਂ ਦੇ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਮੁਕਾਬਲੇ 'ਚ ਉਨ੍ਹਾਂ ਨੇ 7 ਓਵਰਾਂ 'ਚ 37 ਦੌੜਾਂ ਦਿੱਤੀਆਂ ਸਨ ਅਤੇ ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲਿਆ ਸੀ। 
15 ਡਿਗਰੀ ਤੋਂ ਜ਼ਿਆਦਾ ਮੁੜੀ ਨਿਸਾਰਗ ਦੀ ਕੂਹਣੀ
ਯੂ. ਐੱਸ. ਏ. ਕ੍ਰਿਕਟ ਨੇ ਪ੍ਰੈਸ ਰਿਲੀਜ਼ ਜਾਰੀ ਕਰ ਦੱਸਿਆ ਕਿ ਨਿਸਾਰਗ ਨੂੰ ਆਈ. ਸੀ. ਸੀ. ਦੇ ਮਾਹਿਰਾਂ ਦੇ ਪੈਨਲ ਨੇ ਬੈਨ ਕਰ ਦਿੱਤਾ। ਪੈਨਲ ਨੇ ਉਨ੍ਹਾਂ ਦੇ ਐਕਸ਼ਨ ਦੀ ਵੀਡੀਓ ਦੀ ਜਾਂਚ ਕੀਤੀ,  ਜਿਸ 'ਚ ਨਿਸਾਰਗ ਦੀ ਕੂਹਣੀ 15 ਡਿਗਰੀ ਤੋਂ ਜ਼ਿਆਦਾ ਮੁੜ ਰਹੀ ਸੀ। ਨਿਸਾਰਗ ਦੀ ਗੇਂਦਬਾਜ਼ੀ 'ਤੇ ਬੈਨ ਲੱਗਣਾ ਅਮਰੀਕੀ ਟੀਮ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ, ਕਿਉਂਕਿ ਉਹ ਬੇਹੱਦ ਹੀ ਕਿਫਾਇਤੀ ਗੇਂਦਬਾਜ਼ੀ ਕਰਦੇ ਸਨ। ਨਿਸਾਰਗ ਪਟੇਲ ਨੇ ਹੁਣ ਤੱਕ ਖੇਡੇ 8 ਵਨ-ਡੇ ਮੈਚਾਂ 'ਚ 7 ਵਿਕਟਾਂ ਝਟਕੇ ਹਨ, ਜਿਸ 'ਚ ਉਨ੍ਹਾਂ ਦਾ ਇਕੋਨਾਮੀ ਰੇਟ ਸਿਰਫ਼ 4.75 ਹੈ। ਉਥੇ ਹੀ 4 ਟੀ-20 ਮੈਚਾਂ 'ਚ ਨਿਸਾਰਗ ਨੇ 5 ਵਿਕਟਾਂ ਲਈਆਂ ਹਨ ਅਤੇ ਉਹ ਇਸ ਫਾਰਮੈਟ 'ਚ ਵੀ ਪ੍ਰਤੀ ਓਵਰ ਸਿਰਫ 4.69 ਦੌੜਾਂ ਦਿੰਦੇ ਹੈ। ਨਿਸਾਰਗ ਪਟੇਲ ਨੂੰ ਹੁਣ ਦੁਬਾਰਾ ਗੇਂਦਬਾਜ਼ੀ ਕਰਨ ਲਈ ਆਪਣਾ ਐਕਸ਼ਨ ਠੀਕ ਕਰਨਾ ਹੋਵੇਗਾ। ਨਾਲ ਹੀ ਉਨ੍ਹਾਂ ਨੂੰ ਆਪਣੇ ਨਵੇਂ ਐਕਸ਼ਨ ਦੀ ਵੀਡੀਓ ਬਣਾ ਕੇ ਆਈ. ਸੀ. ਸੀ. ਨੂੰ ਭੇਜਣਾ ਹੋਵੇਗ। ਜਾਂਚ  ਤੋਂ ਬਾਅਦ ਹੀ ਉਹ ਦੁਬਾਰਾ ਗੇਂਦਬਾਜ਼ੀ ਕਰ ਸਕਣਗੇ। ਦਰਅਸਲ ਨਿਸਾਰਗ ਚੰਗੀ ਬੱਲੇਬਾਜ਼ੀ ਵੀ ਕਰ ਲੈਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਬੱਲੇ ਤੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਪਿਛਲੇ ਦੋ ਦੌਰਿਆਂ 'ਤੇ ਨਿਸਾਰਦ ਦੀ ਔਸਤ 32 ਤੋਂ ਜ਼ਿਆਦਾ ਹੈ। ਨਿਸਾਰਗ ਨੇ ਹਾਲ ਹੀ 'ਚ ਓਮਾਨ ਖਿਲਾਫ 36 ਗੇਂਦਾਂ 'ਚ 52 ਦੌੜਾਂ ਦੀ ਪਾਰੀ ਖੇਡੀ ਸੀ।