ਯੂਨੀਵਰਸਲ ਬਾਸ ਵਾਪਸ ਆ ਗਿਆ, ਹੁਣ ਲੱਗਣਗੇ ਸਿਰਫ ਚੌਕੇ-ਛੱਕੇ : ਗੇਲ

04/16/2018 2:01:15 AM

ਮੋਹਾਲੀ— ਰੋਮਾਂਚਕ ਮੁਕਾਬਲੇ 'ਚ ਕਿੰਗਸ ਇਲੈਵਨ ਪੰਜਾਬ ਨੇ ਚੇਨਈ ਸੁਪਰ ਕਿੰਗਸ ਨੂੰ 4 ਦੌੜਾਂ ਨਾਲ ਹਰਾਇਆ। ਪੰਜਾਬ ਦੀ ਜਿੱਤ ਦੇ ਹੀਰੋ ਕ੍ਰਿਸ ਗੇਲ ਰਹੇ, ਜਿਸ ਨੇ ਆਪਣੇ ਪਹਿਲੇ ਮੈਚ 'ਚ ਹੀ 33 ਗੇਂਦਾਂ 'ਚ 63 ਦੌੜਾਂ ਬਣਾਈਆਂ। ਉਸ ਦੀ ਪਾਰੀ 'ਚ 7 ਚੌਕੇ ਤੇ 4 ਛੱਕੇ ਸ਼ਾਮਲ ਹਨ। ਮੈਚ ਜਿੱਤਣ ਤੋਂ ਬਾਅਦ ਗੇਲ ਨੇ ਇਸ ਨੂੰ ਕਦੀ ਵੀ ਭੁੱਲਣ ਵਾਲਾ ਮੈਚ ਦੱਸਿਆ।
ਜਿੱਤ ਤੋਂ ਬਾਅਦ ਗੇਲ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਵਾਪਸੀ ਕਰਨਾ ਵਧੀਆ ਲੱਗਿਆ। ਮੈਨੂੰ ਸਵੇਰੇ ਮੈਸੇਜ ਮਿਲਿਆ ਕਿ ਤੁਸੀਂ ਕਿੰਗਸ ਇਲਵੈਨ 'ਚ ਖੇਡੋਗੇ। ਇਹ ਮੈਸੇਜ ਪੜ੍ਹਨ 'ਤੇ ਹੀ ਮੈਂ ਖੁਸ਼ ਹੋ ਗਿਆ। ਗੇਲ ਨੇ ਅੱਗੇ ਕਿਹਾ ਕਿ ਮੈਂ ਇਹ ਖਬਰ ਸੁਣ ਕੇ ਖੁਸ਼ ਸੀ ਕਿਉਂਕਿ ਮੈਨੂੰ ਨਵੀਂ ਫ੍ਰੈਂਚਾਇਜ਼ੀ ਲਈ ਖੇਡਣਾ ਸੀ। ਗੇਲ ਨੇ ਕਿਹਾ ਕਿ ਮੈਂ ਫੈਂਸ ਲਈ ਹਾਂ, ਹੁਣ ਕੋਈ ਸਿੰਗਲ ਤੇ ਕੋਈ ਡਬਲ ਨਹੀਂ। ਫੈਂਸ ਨੂੰ ਹੁਣ ਚੌਕੇ-ਛੱਕੇ ਦੇਖਣ ਨੂੰ ਮਿਲਣਗੇ ਕਿਉਂਕਿ ਯੂਨੀਵਰਸਲ ਬਾਸ ਵਾਪਸ ਆ ਗਿਆ ਹੈ।
ਆਈ. ਪੀ. ਐੱਲ. ਟੀ-20 ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੂੰ 4 ਦੌੜਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਧਮਾਕੇਦਾਰ ਬੱਲੇਬਾਜ਼ ਗੇਲ ਨੇ ਫ੍ਰੈਂਚਾਇਜ਼ੀ ਲਈ ਡੈਬਿਊ ਕਰਦੇ ਹੋਏ 63 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਲੋਕੇਸ਼ ਰਾਹੁਲ ਨਾਲ ਪਹਿਲੀ ਵਿਕਟ ਲਈ ਉਸ ਦੀ 96 ਦੌੜਾਂ ਦੀ ਸਾਂਝੇਦਾਰੀ ਨਾਲ ਕਿੰਗਜ਼ ਇਲੈਵਨ ਪੰਜਾਬ ਨੇ 7 ਵਿਕਟਾਂ 'ਤੇ 197 ਦੌੜਾਂ ਬਣਾਈਆਂ। ਆਖਰੀ 5 ਓਵਰ ਵਿਚ ਚੇਨਈ ਸੁਪਰ ਕਿੰਗਜ਼ ਨੂੰ ਜਿੱਤ ਲਈ 76 ਦੌੜਾਂ ਦੀ ਲੋੜ ਸੀ, ਜਿਹੜਾ ਧੋਨੀ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਸੰਭਵ ਹੀ ਦਿਖ ਰਿਹਾ ਸੀ। 18ਵੇਂ ਤੇ 19ਵੇਂ ਓਵਰ ਵਿਚ 19-19 ਦੌੜਾਂ ਜੋੜਨ ਦੇ ਬਾਵਜੂਦ ਉਸ ਨੂੰ ਆਖਰੀ 6 ਗੇਦਾਂ ਵਿਚ 17 ਦੌੜਾਂ ਦੀ ਲੋੜ ਸੀ, ਜਿਸ ਵਿਚ ਉਹ 12 ਦੌੜਾਂ ਹੀ ਬਣਾ ਸਕੇ।