B'Day Spcl : ਜਾਣੋ ਉਮੇਸ਼ ਯਾਦਵ ਦੇ ਫਰਸ਼ ਤੋਂ ਅਰਸ਼ ਤਕ ਪਹੁੰਚਣ ਦੇ ਪ੍ਰੇਰਣਾਦਾਈ ਜ਼ਿੰਦਗੀ ਦੇ ਸਫਰ ਬਾਰੇ

10/25/2019 2:47:33 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਗੇਂਦਬਾਜ਼ ਉਮੇਸ਼ ਯਾਦਵ ਦਾ ਅੱਜ ਭਾਵ 25 ਅਕਤੂਬਰ ਨੂੰ ਜਨਮ ਦਿਨ ਹੈ। ਆਪਣੀ ਗੇਂਦ ਨਾਲ ਬੱਲੇਬਾਜ਼ਾਂ ਦੇ ਛੱਕੇ ਛੁਡਾਉਣ ਵਾਲੇ ਉਮੇਸ਼ ਦਾ ਕ੍ਰਿਕਟ ਕਰੀਅਰ ਬੇਹੱਦ ਸ਼ਾਨਦਾਰ ਹੈ। ਉਹ ਘਰੇਲੂ ਕ੍ਰਿਕਟ 'ਚ ਵਿਦਰਭ ਵੱਲੋਂ ਖੇਡਦੇ ਹਨ ਅਤੇ ਉਨ੍ਹਾਂ ਨੇ ਟੈਸਟ ਅਤੇ ਵਨ-ਡੇ ਮੈਚਾਂ 'ਚ ਵੀ ਆਪਣਾ ਲੋਹਾ ਮੰਨਵਾਇਆ ਹੈ। ਆਓ ਅੱਜ ਤੁਹਾਨੂੰ ਅਸੀਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਕ੍ਰਿਕਟਰ ਕਰੀਅਰ ਬਾਰੇ ਦਸਦੇ ਹਾਂ ਜੋ ਕਿ ਕਾਫੀ ਸੰਘਰਸ਼ ਦੇ ਬਾਅਦ ਮਿਲੀ ਸਫਲਤਾ ਬਾਰੇ ਦਸਦਾ ਹੈ।

ਉਮੇਸ਼ ਯਾਦਵ ਦੀ ਨਿੱਜੀ ਜਿੰਦਗੀ

ਉਮੇਸ਼ ਯਾਦਵ ਅੱਜ ਭਾਰਤੀ ਕ੍ਰਿਕਟ ਟੀਮ ਦੀ ਗੇਂਦਬਾਜ਼ੀ ਦੀ ਰੀੜ੍ਹ ਹਨ। ਉਮੇਸ਼ ਯਾਦਵ ਦਾ ਪਿਛੋਕੜ ਉੱਤਰ ਪ੍ਰਦੇਸ਼ ਦੇ ਦੇਵਰੀਆ ਨਾਲ ਸਬੰਧਤ ਹੈ। 25 ਅਕਤੂਬਰ 1987 'ਚ ਉਨ੍ਹਾਂ ਦਾ ਜਨਮ ਦੇਵਰੀਆ 'ਚ ਹੋਇਆ ਸੀ। ਉਸ ਦੇ ਪਿਤਾ ਨਾਗਪੁਰ ਦੇ ਨੇੜੇ ਖਾਪੜਖੇੜਾ ਦੀ ਵੈਸਟਰਨ ਕੋਲ ਲਿਮਟਿਡ ਦੀ ਕਾਲੋਨੀ 'ਚ ਰਹਿੰਦੇ ਸਨ। ਉਹ ਕੋਲਾ ਖਾਨ 'ਚ ਕੰਮ ਕਰਦੇ ਸਨ। ਉੱਥੇ ਹੀ ਉਮੇਸ਼ ਦਾ ਪਾਲਣ-ਪੋਸ਼ਣ ਹੋਇਆ। 16 ਅਪ੍ਰੈਲ 2013 ਨੂੰ ਉਮੇਸ਼ ਯਾਦਵ ਨੇ ਦਿੱਲੀ 'ਚ ਰਹਿਣ ਵਾਲੀ ਫੈਸ਼ਨ ਡਿਜ਼ਾਈਨਰ ਤਾਨੀਆ ਵਾਧਵਾ ਨਾਲ ਵਿਆਹ ਕੀਤਾ ਜੋ ਕਾਫੀ ਖੂਬਸੂਰਤ ਹੈ।

ਟੈਨਿਸ ਬਾਲ ਨਾਲ ਖੇਡਦੇ ਸਨ ਉਮੇਸ਼

ਉਮੇਸ਼ ਯਾਦਵ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਵਿਦਰਭ ਦੀ ਟੀਮ ਵੱਲੋਂ ਕੀਤੀ। ਵਿਦਰਭ ਦੀ ਟੀਮ 'ਚ ਸ਼ਾਮਲ ਹੋਣ ਦੇ ਬਾਅਦ ਉਮੇਸ਼ ਨੇ ਪਹਿਲੀ ਵਾਰ ਲੈਦਰ ਦੀ ਗੇਂਦ ਨਾਲ ਗੇਂਦਬਾਜ਼ੀ ਕੀਤੀ। ਇਸ ਤੋਂ ਪਹਿਲਾਂ ਉਹ ਟੈਨਿਸ ਬਾਲ ਨਾਲ ਖੇਡਦੇ ਸਨ। ਉਮੇਸ਼ ਦੇ ਕ੍ਰਿਕਟ ਦੇ ਹੁਨਰ ਤੋਂ ਪ੍ਰਭਾਵਿਤ ਵਿਦਰਭ ਟੀਮ ਦੇ ਕਪਤਾਨ ਪ੍ਰੀਤਮ ਗੰਧੇ ਨੇ ਉਮੇਸ਼ ਯਾਦਵ 'ਚ ਲੁਕੀਆਂ ਸਮਰਥਾਵਾਂ ਨੂੰ ਪਛਾਣ ਕੇ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ 'ਚ ਖਾਸ ਦਿਲਚਸਪੀ ਲਈ।

ਤੇਜ਼ ਗੇਂਦਬਾਜ਼ੀ ਨਾਲ ਉਮੇਸ਼ ਨੇ ਬਣਾਈ ਆਪਣੀ ਖਾਸ ਪਛਾਣ

ਉਮੇਸ਼ 140 ਕਿਲੋਮੀਟਰ ਦੀ ਰਫਤਾਰ ਨਾਲ ਲਗਾਤਾਰ ਗੇਂਦ ਕਰਾਉਣ ਦੀ ਸਮਰਥਾ ਰੱਖਦੇ ਹਨ। ਉਨ੍ਹਾਂ ਨੂੰ ਸਵਿੰਗ ਅਤੇ ਆਊਟ ਸਵਿੰਗ ਦੇ ਨਾਲ ਬਾਊਂਸਰ ਸੁੱਟਣ 'ਚ ਮੁਹਾਰਤ ਹੈ। ਉਨ੍ਹਾਂ ਦੀ ਇਸੇ ਖਾਸੀਅਤ ਨੇ 2008-09 'ਚ ਵਿਦਰਭ ਦੇ ਲਈ ਡੈਬਿਊ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਸਿਰਫ ਚਾਰ ਮੈਚਾਂ 'ਚ 14.60 ਦੀ ਔਸਤ ਨਾਲ 20 ਵਿਕਟਾਂ ਦਿਵਾ ਦਿੱਤੀਆਂ। ਉਨ੍ਹਾਂ ਨੇ ਦਲੀਪ ਟਰਾਫੀ 'ਚ ਰਾਹੁਲ ਦ੍ਰਾਵਿੜ ਅਤੇ ਵੀ. ਵੀ. ਐੱਸ. ਲਕਸ਼ਮਣ ਵਰਗੇ ਬੱਲੇਬਾਜ਼ਾਂ ਖਿਲਾਫ ਸ਼ਾਨਦਾਰ ਗੇਂਦਬਾਜ਼ੀ ਕਰਕੇ ਖਾਸ ਪਛਾਣ ਬਣਾਈ।

ਇੰਝ ਰਿਹਾ ਉਮੇਸ਼ ਯਾਦਵ ਦਾ ਕ੍ਰਿਕਟ ਕਰੀਅਰ

ਉਮੇਸ਼ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਅਜੇ ਤਕ ਉਨ੍ਹਾਂ ਨੇ 34 ਟੈਸਟ ਮੈਚ ਖੇਡੇ, ਜਿਨ੍ਹਾਂ 'ਚ ਇਨ੍ਹਾਂ ਨੇ 220 ਦੌੜਾਂ ਬਣਾਈਆਂ ਅਤੇ 94 ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ ਵਨ-ਡੇ ਦੀ ਗੱਲ ਕਰੀਏ ਤਾਂ 71 ਮੈਚਾਂ 'ਚ ਉਨ੍ਹਾਂ ਨੇ 102 ਵਿਕਟਾਂ ਹਾਸਲ ਕੀਤੀਆਂ ਅਤੇ ਆਈ. ਪੀ. ਐੱਲ. 'ਚ ਉਨ੍ਹਾਂ ਨੇ 94 ਮੈਚਾਂ 'ਚ 91 ਵਿਕਟ ਹਾਸਲ ਕੀਤੇ ਹਨ।

Tarsem Singh

This news is Content Editor Tarsem Singh