ਟਾਪ-10 ਰੈਂਕ ''ਚੋਂ 7 ਖਿਡਾਰਨਾਂ ਬ੍ਰਿਸਬੇਨ ''ਚ ਖੇਡਣਗੀਆਂ

11/24/2018 4:22:16 AM

ਬ੍ਰਿਸਬੇਨ- ਏਲੀਨਾ ਸਵੀਤੋਲਿਨਾ, ਨਾਓਮੀ ਓਸਾਕਾ, ਸਲੋਏਨ ਸਟੀਫਨਸ ਸਣੇ ਵਿਸ਼ਵ ਵਿਚ ਟਾਪ-10 ਰੈਂਕਿੰਗ ਦੀਆਂ ਮਹਿਲਾ ਖਿਡਾਰਨਾਂ ਵਿਚੋਂ 7 ਨੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੇ ਬ੍ਰਿਸਬੇਨ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਵਿਚ ਖੇਡਣ ਦੀ ਪੁਸ਼ਟੀ ਕੀਤੀ ਹੈ।
ਡਬਲਯੂ.  ਟੀ. ਏ. ਰੈਂਕਿੰਗ ਵਿਚ ਚੌਥੇ ਨੰਬਰ ਦੀ ਖਿਡਾਰਨ ਤੇ ਡਬਲਯੂ. ਟੀ. ਏ. ਫਾਈਨਲਸ ਜਿੱਤਣ ਵਾਲੀ ਸਵੀਤੋਲਿਨਾ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ। ਉਹ ਪਿਛਲੇ ਸਾਲ ਬ੍ਰਿਸਬੇਨ ਵਿਚ ਜੇਤੂ ਰਹੀ ਸੀ। ਟੂਰਨਾਮੈਂਟ ਦੀ ਸ਼ੁਰੂਆਤ 31 ਦਸੰਬਰ ਤੋਂ ਹੋਵੇਗੀ, ਜਿਹੜਾ 6 ਜਨਵਰੀ ਤਕ ਚੱਲੇਗਾ। ਇਸਦੇ ਨਾਲ ਹੀ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਵੇਗੀ, ਜਿੱਥੇ ਖਿਡਾਰੀ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਲਈ ਉਤਰਨਗੇ।
ਤਿੰਨ ਗ੍ਰੈਂਡ ਸਲੈਮ ਚੈਂਪੀਅਨਾਂ ਨੇ ਵੀ ਬ੍ਰਿਸਬੇਨ ਵਿਚ ਖੇਡਣ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚ ਓਸਾਕਾ ਤੇ ਸਟੀਫਨਸ ਦੇ ਇਲਾਵਾ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤ੍ਰਾ ਕਵੀਤੋਵਾ ਵੀ ਸ਼ਾਮਲ ਹੈ। ਇਸਦੇ ਇਲਾਵਾ 2011 ਦੀ ਯੂ. ਐੱਸ. ਓਪਨ ਚੈਂਪੀਅਨ ਤੇ ਘਰੇਲੂ ਖਿਡਾਰਨ ਸਾਮੰਥਾ ਸਟੋਸੁਰ ਦੇ ਵੀ ਵਾਈਲਡ ਕਾਰਡ ਰਾਹੀਂ ਉਤਰਨ ਦੀ ਉਮੀਦ ਹੈ। 
ਸਾਲ 2017 ਵਿਚ ਇੱਥੇ ਚੈਂਪੀਅਨ ਰਹੀ ਕੈਰੋਲਿਨਾ ਪਿਲਸਕੋਵਾ ਨੇ ਵੀ ਮੁੱਖ ਡਰਾਅ ਵਿਚ ਆਪਣੀ ਪੁਸ਼ਟੀ ਕੀਤੀ ਹੈ। ਕਿਕੀ ਬਰਟੇਨਸ ਤੇ ਡਾਰੀਆ ਕਸਾਤਕਿਨਾ ਟਾਪ-10 ਰੈਂਕਿੰਗ ਦੀਆਂ ਹੋਰ ਖਿਡਾਰਨਾਂ ਹਨ, ਜਿਹਡੀਆਂ ਸਾਲ ਦੇ ਸ਼ੁਰੂਆਤੀ ਟੂਰਨਾਮੈਂਟ ਵਿਚ ਖੇਡਣ ਉਤਰਨਗੀਆਂ। ਵਿਸ਼ਵ ਦੀ 36ਵੇਂ ਨੰਬਰ ਦੀ ਖਿਡਾਰਨ ਡਾਰੀਆ ਗਾਵਰਿਲੋਵਾ ਵੀ ਧਾਕੜ ਖਿਡਾਰਨਾਂ ਵਿਚਾਲੇ ਚੁਣੌਤੀ ਪੇਸ਼ ਕਰੇਗੀ।