ਬੈਲਜੀਅਮ ਨੇ ਲਗਾਤਾਰ ਦੂਜੇ ਸਾਲ ਫੀਫਾ ਰੈਂਕਿੰਗ ''ਚ ਨੰਬਰ ਵਨ ਬਣ ਕੇ ਕੀਤੀ ਸਾਲ ਦੀ ਸਮਾਪਤੀ

12/21/2019 11:51:37 AM

ਸਪੋਰਟਸ ਡੈਸਕ—ਬੈਲਜੀਅਮ ਨੇ ਲਗਾਤਾਰ ਦੂਜੇ ਸਾਲ ਫੀਫਾ ਰੈਂਕਿੰਗ 'ਚ ਦੁਨੀਆ ਦੀ ਨੰਬਰ ਇਕ ਫੁੱਟਬਾਲ ਟੀਮ ਦੇ ਰੂਪ 'ਚ ਸਾਲ ਦੀ ਸਮਾਪਤੀ ਕੀਤੀ। ਬੈਲਜੀਅਮ ਨੇ ਇਸ ਸਾਲ ਸਿਰਫ 19 ਦੋਸਤਾਨਾ ਮੈਚ ਖੇਡੇ ਹਨ ਪਰ ਇਸ ਨਾਲ ਉਸ ਦੀ ਵਿਸ਼ਵ ਰੈਂਕਿੰਗ 'ਤੇ ਕੋਈ ਅਸਰ ਨਹੀਂ ਪਿਆ ਹੈ। ਵਿਸ਼ਵ ਚੈਂਪੀਅਨ ਫਰਾਂਸ ਦੂਜੇ ਸਥਾਨ 'ਤੇ ਬਰਕਰਾਰ ਹੈ ਤੇ ਤੀਜੇ ਨੰਬਰ ਦੀ ਬ੍ਰਾਜ਼ੀਲ ਤੋਂ ਅੱਗੇ ਹੈ, ਜਿਸ ਸਥਾਨ 'ਤੇ ਉਹ ਦਸੰਬਰ 2018 ਤੋਂ ਬਰਕਰਾਰ ਹੈ। ਇੰਗਲੈਂਡ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਹੈ ਤੇ 2019 ਵਿਚ ਉਹ ਚੌਥੇ ਨੰਬਰ 'ਤੇ ਪਹੁੰਚ ਗਿਆ ਹੈ, ਜਦਕਿ ਉਰੂਗਵੇ ਦੋ ਸਥਾਨਾਂ ਦੇ ਸੁਧਾਰ ਨਾਲ 5ਵੇਂ ਨੰਬਰ 'ਤੇ ਪਹੁੰਚ ਗਿਆ ਹੈ।
ਅਰਜਨਟੀਨਾ 9ਵੇਂ ਤੇ ਕੋਲੰਬੀਆ 10ਵੇਂ ਸਥਾਨ 'ਤੇ ਬਰਕਰਾਰ ਹਨ ਅਤੇ ਟਾਪ-10 ਟੀਮਾਂ 'ਚ ਪਹੁੰਚ ਗਈਆਂ ਹਨ। ਮੈਕਸੀਕੋ 11ਵੇਂ ਨੰਬਰ 'ਤੇ ਹੈ, ਜਦਕਿ 12ਵੇਂ ਨੰਬਰ ਦੀ ਸਵਿਟਜ਼ਰਲੈਂਡ ਤੇ 16ਵੇਂ ਨੰਬਰ ਦੀ ਡੈੱਨਮਾਰਕ ਚਾਰ ਤੇ ਕ੍ਰਮਵਾਰ ਛੇਵੇਂ ਸਥਾਨ 'ਤੇ ਡਿੱਗ ਗਈ ਹੈ।

ਇਸ ਵਿਚਾਲੇ ਫੀਫਾ ਵਿਸ਼ਵ ਕੱਪ 2022 ਦੀ ਮੇਜ਼ਬਾਨ ਕਤਰ ਨੂੰ ਇਸ ਸਾਲ 138 ਅੰਕਾਂ ਦਾ ਫਾਇਦਾ ਹੋਇਆ ਹੈ। ਇਸ ਸਾਲ ਏ. ਐੱਫ. ਸੀ. ਏਸ਼ੀਅਨ ਕੱਪ ਦੀ ਜੇਤੂ ਤੇ ਏਸ਼ੀਅਨ ਵਿਸ਼ਵ ਕੱਪ ਕੁਆਲੀਫਾਇਰ ਦੀ ਧਮਾਕੇਦਾਰ ਸ਼ੁਰੂਆਤ ਕਰਨ ਵਾਲੀ ਕਤਰ ਨੂੰ ਰੈਂਕਿੰਗ 'ਚ ਸਭ ਤੋਂ ਵੱਧ ਫਾਇਦਾ ਹੋਇਆ ਹੈ ਤੇ ਉਹ ਸਿੱਧੇ 38 ਸਥਾਨਾਂ ਦੀ ਛਲਾਂਗ ਲਾ ਕੇ ਵਿਸ਼ਵ ਰੈਂਕਿੰਗ 'ਚ 55ਵੇਂ ਨੰਬਰ 'ਤੇ ਪਹੁੰਚ ਗਈ ਹੈ। ਏ. ਐੱਫ. ਸੀ. ਰੈਂਕਿੰਗ 'ਚ ਕਤਰ 5ਵੇਂ ਨੰਬਰ 'ਤੇ ਹੈ, ਜਦਕਿ ਜਾਪਾਨ ਏਸ਼ੀਆ ਦੀ ਨੰਬਰ 1 ਟੀਮ ਹੈ। ਉਹ ਵਿਸ਼ਵ ਰੈਂਕਿੰਗ 'ਚ 28ਵੇਂ ਨੰਬਰ 'ਤੇ ਹੈ। ਉਥੇ ਹੀ ਅਲਜੀਰੀਆ 32ਵੀਂ ਰੈਂਕਿੰਗ 'ਤੇ ਪਹੁੰਚ ਗਈ ਹੈ।