ਅੱਜ ਤੋਂ ਸ਼ੁਰੂ ਹੋਵੇਗਾ ਪੈਰਾ ਐਥਲੀਟਾਂ ਦਾ ਮਹਾਕੁੰਭ, ਜਾਣੋ ਭਾਰਤ ਦੀ ਸਥਿਤੀ ਤੇ ਉਸ ਦੇ ਧਾਕੜ ਖਿਡਾਰੀਆਂ ਬਾਰੇ

08/24/2021 12:29:01 PM

ਸਪੋਰਟਸ ਡੈਸਕ— ਟੋਕੀਓ ਪੈਰਾਲੰਪਿਕ ਖੇਡਾਂ ਦੀ ਸ਼ੁਰੂਆਤ ਮੰਗਲਵਾਰ ਭਾਵ ਅੱਜ ਤੋਂ ਉਦਘਾਟਨੀ ਸਮਾਗਮ ਦੇ ਨਾਲ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਮੁਕਾਬਲੇ ਬੁੱਧਵਾਰ ਤੋਂ ਸ਼ੁਰੂ ਹੋ ਜਾਣਗੇ। 13 ਦਿਨ ਤਕ ਚੱਲਣ ਵਾਲੇ ਇਸ ਖੇਡ ਮਹਾਕੁੰਭ ’ਚ ਦੁਨੀਆ ਭਰ ਦੇ 3686 ਐਥਲੀਟ ਹਿੱਸਾ ਲੈਣਗੇ। ਜਾਪਾਨ ਸਰਕਾਰ ਨੇ ਤੇਜ਼ੀ ਨਾਲ ਮੈਦਾਨਾਂ ਨੂੰ ਪੈਰਾਲੰਪਿਕ ਦੇ ਮਾਪਦੰਡਾਂ ਤਹਿਤ ਤਿਆਰ ਕਰ ਲਿਆ ਹੈ। ਓਲੰਪਿਕ ਤੇ ਪੈਰਾਲੰਪਿਕ ’ਚ ਬਹੁਤ ਫ਼ਰਕ ਹੈ। ਦੋਵਾਂ ਵਿਚਾਲੇ ਨਿਯਮ ਵੱਖਰੇ-ਵੱਖਰੇ ਹੁੰਦੇ ਹਨ। ਖਿਡਾਰੀਆਂ ਦੇ ਰਹਿਣ-ਸਹਿਣ ਤੇ ਖੇਡਾਂ ’ਚ ਹਿੱਸਾ ਲੈਣ ਦੇ ਨਿਯਮਾਂ ’ਚ ਵੀ ਕਾਫੀ ਫਰਕ ਹੁੰਦਾ ਹੈ। ਆਓ ਦਸਦੇ ਹਾਂ ਪੈਰਾਲੰਪਿਕ ਆਖ਼ਰ ਓਲੰਪਿਕ ਖੇਡਾਂ ਤੋਂ ਕਿੰਨੀਆਂ ਵੱਖ ਹਨ।

ਸਾਥੀ ਦਾ ਸਹਾਰਾ ਲੈ ਕੇ ਭੱਜਣ ਦਾ ਨਿਯਮ


ਨੇਤਰਹੀਨ ਦੌੜਾਕ ਪੈਰਾਲੰਪਿਕ ਖੇਡਾਂ ’ਚ ਆਪਣੇ ਸਾਥੀ ਨਾਲ ਭੱਜਦੇ ਹਨ। ਇਸ ਦੇ ਲਈ ਦੋਵਾਂ ਦੇ ਇਕ-ਇਕ ਹੱਥ ’ਚ ਰੱਸੀ ਬੰਨ੍ਹੀ ਜਾਂਦੀ ਹੈ। ਸਹਿਯੋਗੀ ਮੁਕਾਬਲੇਬਾਜ਼ ਨੂੰ ਕਿਸ ਦਿਸ਼ਾ ’ਚ ਦੌੜਨਾ ਹੈ, ਲਾਈਨ ਤੋਂ ਬਾਹਰ ਤਾਂ ਨਹੀਂ ਆਦਿ ਵਰਗੇ ਨਿਰਦੇਸ਼ ਦਿੰਦਾ ਹੈ। ਨਿਯਮਾਂ ਦੇ ਮੁਤਾਬਕ ਮੁਕਾਬਲੇਬਾਜ਼ ਆਪਣੀ ਸਾਥੀ ਦੀ ਤਾਕਤ ਦਾ ਇਸਤੇਮਾਲ ਨਹੀਂ ਕਰ ਸਕਦਾ। ਜੇਕਰ ਸਹਿਯੋਗੀ ਮੁਕਾਬਲੇਬਾਜ਼ ਦੌੜ ’ਚ ਅੱਗੇ ਨਿਕਲ ਜਾਵੇ ਤਾਂ ਤੁਰੰਤ ਮੁਕਾਬਲੇਬਾਜ਼ ਨੂੰ ਖੇਡ ’ਚੋਂ ਬਾਹਰ ਕਰ ਦਿੱਤਾ ਜਾਂਦਾ ਹੈ।

ਕਦੋਂ ਤੋਂ ਕਦੋਂ ਤਕ ਆਯੋਜਨ : 24 ਅਗਸਤ ਤੋਂ 5 ਸਤੰਬਰ, 2021 ਤਕ

ਕਿੱਥੇ : ਟੋਕੀਓ ਮੇਜ਼ਬਾਨ ਹੈ। ਜਾਪਾਨ ’ਚ 21 ਵੈਨਿਊ ’ਚ ਹੋਣਗੀਆਂ ਖੇਡਾਂ।

ਸਮਾਂ ਕੀ ਹੋਵੇਗਾ : ਉਦਘਾਟਨੀ ਸਮਾਗਮ ਸ਼ਾਮ ਸਾਢੇ 4 ਵਜੇ।

ਕਿੰਨੀਆਂ ਪ੍ਰਤੀਯੋਗਿਤਾਵਾਂ : ਪੈਰਾਲੰਪਿਕ ’ਚ 22 ਖੇਡਾਂ ਦੀਆਂ 539 ਪ੍ਰਤੀਯੋਗਿਤਾਵਾਂ ਹੋਣਗੀਆਂ।

ਕਿੱਥੇ ਦੇਖ ਸਕੋਗੇ ਮੈਚ : ਭਾਰਤੀ ਦਰਸ਼ਕ ਯੂਰੋ ਸਪੋਰਟਸ ਇੰਡੀਆ ’ਤੇ ਤੇ ਓ. ਟੀ. ਸੀ. ਪਲੈਟਫ਼ਾਰਮ ਯੂਜ਼ਰਸ ਡਿਸਕਵਰੀ ’ਤੇ।

ਭਾਰਤ ਹੈ 67ਵੇਂ ਸਥਾਨ ’ਤੇ
4 ਸੋਨ, 4 ਚਾਂਦੀ, 4 ਕਾਂਸੀ : 12 ਤਮਗ਼ੇ

ਭਾਰਤ ਦਾ ਸਭ ਤੋਂ ਵੱਡਾ ਦਲ 
54 ਖਿਡਾਰੀ ਭਾਰਤ ਤੋਂ ਇਸ ਵਾਰ ਟੋਕੀਓ ਪੈਰਾਲੰਪਿਕ ਖੇਡਾਂ ’ਚ ਹਿੱਸਾ ਲੈਣ ਜਾਣਗੇ। ਰੀਓ ਪੈਰਾਲੰਪਿਕ ’ਚ ਭਾਰਤ ਤੋਂ 5 ਖੇਡਾਂ ਲਈ 19 ਖਿਡਾਰੀ ਗਏ ਸਨ, ਜਿਹੜੇ 4 ਤਮਗ਼ੇ ਲਿਆਏ ਸਨ।

ਕੋਰੋਨਾ ਪ੍ਰੋਟੋਕਾਲ ਦੀ ਪਲਾਣਾ ਜ਼ਰੂਰੀ
24 ਅਗਸਤ ਤੋਂ ਸ਼ੁਰੂ ਹੋ ਰਹੀਆਂ ਪੈਰਾਲੰਪਿਕ ਖੇਡਾਂ ਵੀ ਕੋਵਿਡ-19 ਪ੍ਰੋਟੋਕਾਲ ’ਚ ਹੋਣਗੀਆਂ। ਖਿਡਾਰੀਆਂ, ਸਪੋਰਟਸ ਸਟਾਫ ਤੇ ਅਧਿਕਾਰੀਆਂ ਨੂੰ ਪੂਰੇ ਸਮੇਂ ਮਾਸਕ ਲਾਉਣਾ ਪਵੇਗਾ। ਸਿਰਫ਼ ਤਮਗ਼ਾ ਜੇਤੂ ਫੋਟੋ ਖਿਚਵਾਉਣ ਤੇ ਪ੍ਰਦਰਸ਼ਨ ਕਰਨ ਦੌਰਾਨ ਮਾਸਕ ਉਤਾਰ ਸਕਦੇ ਹਨ।

ਟੋਕੀਓ ਪੈਰਾਲੰਪਿਕ ’ਚ ਖੇਡਣ ਵਾਲੇ ਪੈਰਾ ਐਥਲੀਟ ਤੇ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਇਕ ਝਾਤ

ਦੇਵੇਂਦਰ ਝਾਝਰੀਆ
ਖੇਡ : ਐੱਫ-64 ਜੈਵਲਿਨ
2 ਵਾਰ ਦੇ ਪੈਰਾਲੰਪਿਕ ਗੋਲਡ ਮੈਡਲਿਸਟ
65.71 ਮੀਟਰ ਦੇ ਨਾਲ ਵਰਲਡ ਰਿਕਾਰਡ ਹੋਲਡਰ।

ਸੁਮਿਤ ਅੰਤਿਲ
ਖੇਡ : ਐੱਫ-64 ਜੈਵਲਿਨ
ਪਰਸਨਲ ਬੈਸਟ : 66.90 ਮੀਟਰ

ਮਰੀਅੱਪਨ ਥੰਗਾਵੇਲੂ
ਖੇਡ : ਪੁਰਸ਼ਾਂ ਦੀ ਹਾਈ ਜੰਪ ਡੀ-2
ਰੀਓ ਓਲੰਪਿਕ 2016 ’ਚ ਸੋਨ ਤਮਗਾ ਜਿੱਤਿਆ।

ਪ੍ਰਮੋਦ ਭਗਤ
ਖੇਡ : ਬੈਡਮਿੰਟਨ
ਵਰਲਡ ਨੰਬਰ-1
4 ਵਾਰ ਵਰਲਡ ਚੈਂਪੀਅਨਸ਼ਿਪ ਸੋਨ ਤਮਗ਼ਾ।

ਅਰੁਣਾ ਤਨਬਰ
ਖੇਡ :  ਤਾਯਕਬੰਦ
ਪੈਰਾਲੰਪਿਕ ’ਚ ਭਾਰਤ ਦੀ ਪਹਿਲੀ ਪੈਰਾ ਤਾਯਕਬੰਦ
ਵਰਲਡ ਚੈਂਪੀਅਨਸ਼ਿਪ-2019 ’ਚ ਕਾਂਸੀ ਤਮਗਾ ਜ਼ੇਤੂ।

Tarsem Singh

This news is Content Editor Tarsem Singh