ਦੂਜੇ ਵਨਡੇ ਮੁਕਾਬਲੇ 'ਚ ਕੋਹਲੀ ਨੂੰ ਕਰ ਇਸ ਕੀਵੀ ਗੇਂਦਾਬਾਜ਼ ਨੇ ਬਣਾਇਆ ਵਰਲਡ ਰਿਕਾਰਡ

02/08/2020 3:37:18 PM

ਸਪੋਰਟਸ ਡੈਸਕ— ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਕਲੈਂਡ 'ਚ ਦੂਜਾ ਵਨ ਡੇ ਮੁਕਾਬਲਾ ਖੇਡਿਆ ਜਾ ਰਿਹਾ ਹੈ ਜਿੱਥੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਟੀਮ ਨੇ ਗੁਪਟਿਲ ਅਤੇ ਟੇਲਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਸਾਹਮਣੇ 274 ਦੌੜਾਂ ਦਾ ਟੀਚਾ ਰੱਖਿਆ। ਦੂਜੇ ਵਨਡੇ ਮੈਚ 'ਚ ਟੀਚਾ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਦੀ ਬੱਲੇਬਾਜ਼ੀ ਬੇਹੱਦ ਹੀ ਖ਼ਰਾਬ ਰਹੀ ਹੈ ਅਤੇ ਟੀਮ ਨੇ 57 ਦੇ ਸਕੋਰ 'ਤੇ ਆਪਣੀਆਂ 3 ਅਹਿਮ ਵਿਕਟਾਂ ਗੁਆ ਦਿੱਤੀਆਂ। ਆਊਟ ਹੋਣ ਵਾਲੇ ਇਨ੍ਹਾਂ ਤਿੰਨ ਬੱਲੇਬਾਜ਼ਾਂ 'ਚ ਕਪਤਾਨ ਵਿਰਾਟ ਕੋਹਲੀ ਦੀ ਵੀ ਵਿਕਟ ਸੀ, ਜਿਸ ਨੂੰ ਤੇਜ਼ ਕੀਵੀ ਗੇਂਦਬਾਜ਼ ਟਿਮ ਸਾਉਥੀ ਨੇ ਬੋਲਡ ਕੀਤਾ।

ਵਿਰਾਟ ਕੋਹਲੀ ਨੂੰ ਆਊਟ ਕਰਨ ਦੇ ਨਾਲ ਹੀ ਟਿਮ ਸਾਉਥੀ ਨੇ ਇਸ ਮੁਕਾਬਲੇ 'ਚ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਅਤੇ ਅੰਤਰਰਾਸ਼ਟਰੀ ਕ੍ਰਿਕਟ 'ਚ ਕੋਹਲੀ ਨੂੰ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਵਾਲਾ ਗੇਂਦਬਾਜ਼ ਬਣ ਗਿਆ। ਟਿਮ ਸਾਉਥੀ ਨੇ ਕੋਹਲੀ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ 9ਵੀਂ ਵਾਰ ਆਊਟ ਕੀਤਾ, ਜਦ ਕਿ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਉਨ੍ਹਾਂ ਨੂੰ 8 ਵਾਰ ਆਊਟ ਕੀਤਾ ਹੈ। ਉਥੇ ਹੀ ਵਨ ਡੇ ਅੰਤਰਾਸ਼ਟਰੀ ਦੀ ਗੱਲ ਕਰੀਏ ਤਾਂ ਟਿਮ ਸਾਊਥੀ ਨੇ ਵਿਰਾਟ ਕੋਹਲੀ ਨੂੰ ਛੇਵੀਂ ਵਾਰ ਆਊਟ ਕੀਤਾ ਅਤੇ ਵੈਸਟਇੰਡੀਜ਼ ਦੇ ਗੇਂਦਬਾਜ਼ ਰਵੀ ਰਾਮਪਾਲ ਦੀ ਬਰਾਬਰੀ ਕੀਤੀ। ਰਵੀ ਨੇ ਵੀ ਕੋਹਲੀ ਵਨ-ਡੇ ਅੰਤਰਰਾਸ਼ਟਰੀ 'ਚ 6 ਵਾਰ ਆਊਟ ਕੀਤਾ ਹੈ।

ਵਨ-ਡੇ ਅੰਤਰਰਾਸ਼ਟਰੀ 'ਚ ਕੋਹਲੀ ਨੂੰ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਵਾਲੇ ਗੇਂਦਬਾਜ਼
ਟਿਮ ਸਾਉਥੀ- 6 ਵਾਰ
ਰਵੀ ਰਾਮਪਾਲ - 6 ਵਾਰ
ਥਿਸਾਰਾ ਪਰੇਰਾ - 5 ਵਾਰ
ਐਡਮ ਜਾਂਪਾ - 5 ਵਾਰ
ਕੋਹਲੀ ਨੂੰ ਸਭ ਤੋਂ ਜ਼ਿਆਦਾ ਵਾਰ ਆਊਟ ਕਰਨ ਵਾਲੇ ਗੇਂਦਬਾਜ਼ (ਸਾਰੇ ਫਾਰਮੈਟਾਂ 'ਚ)
ਟਿਮ ਸਾਉਥੀ- 9 ਵਾਰ
ਜੇਮਸ ਐਂਡਰਸਨ - 8 ਵਾਰ
ਗਰੀਮ ਸਵਾਨ - 8 ਵਾਰ
ਮੋਰਕਲ/ਲਾਇਨ/ਜਾਂਪਾ/ਰਾਮਪਾਲ - 7 ਵਾਰ

15 ਦੌੜਾਂ ਬਣਾ ਕੇ ਆਊਟ ਹੋਏ ਕਪਤਾਨ ਕੋਹਲੀ
ਭਾਰਤੀ ਕਪਤਾਨ ਕੋਹਲੀ ਵਿਰਾਟ ਕੋਹਲੀ ਦਾ ਬੱਲਾ ਕੁਝ ਸਮਾਂ ਤੋਂ ਖਾਮੋਸ਼ ਹੈ ਅਤੇ ਉਹ ਇਸ ਮੈਚ 'ਚ 25 ਗੇਂਦਾਂ 'ਚ ਇਕ ਚੌਕੇ ਦੀ ਮਦਦ ਨਾਲ ਸਿਰਫ 15 ਦੌੜਾਂ ਬਣਾ ਕੇ ਟਿਮ ਸਾਊਥੀ ਦੀ ਗੇਂਦ 'ਤੇ ਬੋਲਡ ਹੋ ਗਿਆ। ਕੋਹਲੀ ਦੇ ਬੱਲੇ 'ਚੋਂ ਸਾਲ 2020 'ਚ ਇਕ ਵੀ ਸੈਂਕੜਾ ਨਹੀਂ ਨਿਕਲਿਆ ਹੈ।