ਟਾਈਗਰ ਵੁਡਸ ਵਿਸ਼ਵ ਰੈਂਕਿੰਗ ''ਚ 1000 ਤੋਂ ਬਾਹਰ

07/19/2017 5:17:09 AM

ਨਵੀਂ ਦਿੱਲੀ— ਗੋਲਫ ਦੀ ਦੁਨੀਆ 'ਚ ਇਕ ਸਮੇਂ ਰਾਜ ਕਰਨ ਵਾਲੇ ਅਮਰੀਕਾ ਦੇ ਟਾਈਗਰ ਵੁਡਸ ਦੀ ਹਾਲਤ ਹੁਣ ਇਥੋਂ ਤਕ ਪਹੁੰਚ ਗਈ ਹੈ ਕਿ ਉਹ ਦੁਨੀਆ ਦੇ 1000 ਖਿਡਾਰੀਆਂ ਦੀ ਰੈਂਕਿੰਗ ਤੋਂ ਵੀ ਬਾਹਰ ਹੋ ਗਿਆ ਹੈ।
14 ਮੇਜਰ ਖਿਤਾਬ ਆਪਣੇ ਨਾਂ ਰੱਖਣ ਵਾਲਾ ਤੇ ਦੁਨੀਆ ਵਿਚ ਇਕ ਸਮੇਂ ਸਭ ਤੋਂ ਅਮੀਰ ਖਿਡਾਰੀ ਰਹਿ ਚੁੱਕੇ ਵੁਡਸ ਦੀ ਰੈਂਕਿੰਗ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਹੁਣ ਉਹ 1005ਵੇਂ ਨੰਬਰ 'ਤੇ ਆ ਗਿਆ ਹੈ। ਉਸ ਨੇ 2016 ਦੀ ਸਮਾਪਤੀ 652ਵੀਂ ਰੈਂਕਿੰਗ ਦੇ ਰੂਪ ਵਿਚ ਕੀਤੀ ਸੀ ਪਰ 2017 'ਚ ਜੁਲਾਈ ਦੇ ਮਹੀਨੇ ਵਿਚ ਉਹ 1000 ਤੋਂ ਬਾਹਰ ਹੋ ਗਿਆ ਹੈ, ਜਿਹੜੀ ਉਸ ਦੇ ਕਰੀਅਰ ਦੀ ਸਭ ਤੋਂ ਖਰਾਬ ਰੈਂਕਿੰਗ ਹੈ।  41 ਸਾਲਾ ਵੁਡਸ ਨੇ 2016 'ਚ ਜ਼ਿਆਦਾਤਰ ਸਮਾਂ ਗੋਲਫ ਕੋਰਸ ਤੋਂ ਬਾਹਰ ਗੁਜ਼ਾਰਿਆ ਸੀ, ਜਿਸ ਕਾਰਨ ਉਹ ਜ਼ਿਆਦਾਤਰ ਟੂਰਨਾਮੈਂਟ ਨਹੀਂ ਖੇਡ ਸਕਿਆ। ਵਿਸ਼ਵ ਰੈਂਕਿੰਗ ਵਿਚ ਪਿਛਲੇ ਦੋ ਸਾਲਾਂ ਦੇ ਪ੍ਰਦਰਸ਼ਨ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ। ਵੁਡਸ ਨੂੰ 2016 'ਚ ਜ਼ਿਆਦਾਤਰ ਸਮਾਂ ਮੈਦਾਨ ਤੋਂ ਬਾਹਰ ਰਹਿਣ ਦਾ ਨੁਕਸਾਨ ਚੁੱਕਣਾ ਪਿਆ। ਉਹ ਆਪਣੀ ਪਿੱਠ ਦੀ ਸਰਜਰੀ ਕਾਰਨ ਫਿਲਹਾਲ ਰਿਹੈਬਲੀਟੇਸ਼ਨ 'ਚੋਂ ਲੰਘ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਉਸ ਨੂੰ ਗੋਲਫ ਕੋਰਸ ਤੋਂ ਬਾਹਰ ਰਹਿਣਾ ਪਿਆ।
ਰਿਕਾਰਡ 683 ਹਫਤੇ ਨੰਬਰ ਇਕ ਰਹਿ ਚੁੱਕੈ ਵੁਡਸ
ਵਿਸ਼ਵ ਰੈਂਕਿੰਗ ਵਿਚ ਰਿਕਾਰਡ 683 ਹਫਤੇ ਨੰਬਰ ਇਕ 'ਤੇ ਰਹਿਣ ਵਾਲੇ ਵੁਡਸ ਲਈ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਹ ਖੇਡ ਦੇ ਮੈਦਾਨ 'ਚ ਕਦੋਂ ਪਰਤੇਗਾ। ਵੁਡਸ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਹੁਣ ਨਵੇਂ ਸਿਰੇ ਤੋਂ ਆਪਣਾ ਇਲਾਜ ਕਰਾ ਰਿਹਾ ਹੈ ਤੇ ਇਸ ਵਿਚ ਉਸ ਨੂੰ ਕਾਫੀ ਫਾਇਦਾ ਮਿਲਿਆ ਹੈ, ਜਿਸ ਨਾਲ ਉਸ ਦੀ ਜਲਦੀ ਕੋਰਸ 'ਤੇ ਵਾਪਸੀ ਦਾ ਸੰਕੇਤ ਮੰਨਿਆ ਜਾ ਰਿਹਾ ਸੀ। ਵੁਡਸ 1998 ਵਿਚ ਪਹਿਲੀ ਵਾਰ ਨੰਬਰ ਵਨ ਬਣਿਆ ਸੀ ਤੇ ਉਸ ਦੀ ਇਹ ਬਾਦਸ਼ਾਹਤ 2003 ਤਕ ਲਗਾਤਾਰ ਬਰਕਰਾਰ ਰਹੀ। ਉਹ 2004 ਵਿਚ ਦੂਜੇ ਸਥਾਨ 'ਤੇ ਖਿਸਕਿਆ ਪਰ ਫਿਰ 2005 ਤੋਂ 2009 ਤਕ ਨੰਬਰ ਇਕ ਬਣਿਆ ਰਿਹਾ। ਉਹ 2010 ਵਿਚ ਦੂਜੇ, 2011 ਵਿਚ 23ਵੇਂ ਤੇ 2012 'ਚ ਤੀਜੇ ਸਥਾਨ 'ਤੇ ਖਿਸਕਿਆ।  ਉਸ ਨੇ 2013 'ਚ ਫਿਰ ਨੰਬਰ ਇਕ ਸਥਾਨ ਹਾਸਲ ਕੀਤਾ ਪਰ 2014 'ਚ ਵੁਡਸ 32ਵੇਂ, 2015 ਵਿਚ 416ਵੇਂ, 2016 ਵਿਚ 652ਵੇਂ ਤੇ 2017 ਵਿਚ 1005ਵੇਂ ਸਥਾਨ 'ਤੇ ਖਿਸਕ ਗਿਆ।