ਫੀਫਾ ਵਲੋਂ ਪਾਬੰਦੀ ਦੀ ਧਮਕੀ ''ਤੇ ਛੇਤਰੀ ਨੇ ਖਿਡਾਰੀਆਂ ਨੂੰ ਕਿਹਾ, ਜ਼ਿਆਦਾ ਧਿਆਨ ਨਾ ਦਿਓ

08/14/2022 5:59:17 PM

ਬੈਂਗਲੁਰੂ : ਤਜਰਬੇਕਾਰ ਸਟ੍ਰਾਈਕਰ ਸੁਨੀਲ ਛੇਤਰੀ ਨੇ ਐਤਵਾਰ ਨੂੰ ਸਾਥੀ ਖਿਡਾਰੀਆਂ ਨੂੰ ਭਾਰਤੀ ਫੁੱਟਬਾਲ 'ਤੇ ਫੀਫਾ ਦੇ ਮੁਅੱਤਲੀ ਦੇ ਖਤਰੇ ਨੂੰ ਲੈ ਕੇ ਜ਼ਿਆਦਾ ਚਿੰਤਾ ਨਾ ਕਰਨ ਅਤੇ ਮੈਦਾਨ 'ਤੇ ਆਪਣਾ ਸਰਵੋਤਮ ਪ੍ਰਦਰਸ਼ਨ ਜਾਰੀ ਰੱਖਣ ਦੀ ਸਲਾਹ ਦਿੱਤੀ । ਇਸ ਮਹੀਨੇ ਦੇ ਸ਼ੁਰੂ ਵਿੱਚ, ਵਿਸ਼ਵ ਫੁੱਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ ਕਿਸੇ ਤੀਜੀ ਧਿਰ ਵਲੋਂ "ਦਖਲਅੰਦਾਜ਼ੀ" ਦੇ ਕਾਰਨ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ. ਆਈ. ਐਫ. ਐਫ.) ਨੂੰ ਮੁਅੱਤਲ ਕਰਨ ਤੇ ਇਸ ਤੋਂ ਅਕਤੂਬਰ ਵਿੱਚ ਮਹਿਲਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰਾਂ ਨੂੰ ਖੋਹਣ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ : ਵਿਨੇਸ਼ ਫੋਗਾਟ ਦਾ ਖੁਲਾਸਾ, ਕੁਸ਼ਤੀ ਛੱਡਣ ਦਾ ਫੈਸਲਾ ਕਰ ਲਿਆ ਸੀ; ਪੀ. ਐੱਮ. ਮੋਦੀ ਨੇ ਪ੍ਰੇਰਿਤ ਕੀਤਾ

ਸੁਪਰੀਮ ਕੋਰਟ ਵੱਲੋਂ ਨੈਸ਼ਨਲ ਫੈਡਰੇਸ਼ਨ ਨੂੰ ਚੋਣਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਇਹ ਚਿਤਾਵਨੀ ਜਾਰੀ ਕੀਤੀ ਗਈ ਸੀ। ਹਾਲਾਂਕਿ, ਸੁਪਰੀਮ ਕੋਰਟ ਦੁਆਰਾ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਨੇ ਉਦੋਂ ਤੋਂ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਚੋਣਾਂ 28 ਅਗਸਤ ਨੂੰ ਹੋਣੀਆਂ ਹਨ। ਛੇਤਰੀ ਨੇ ਨਵੇਂ ਸੈਸ਼ਨ ਦੀਆਂ ਤਿਆਰੀਆਂ 'ਤੇ ਉਨ੍ਹਾਂ ਦੇ ਕਲੱਬ ਬੈਂਗਲੁਰੂ ਐੱਫ. ਸੀ. ਵਲੋਂ ਆਯੋਜਿਤ ਇੱਕ ਵਰਚੁਅਲ ਮੀਡੀਆ ਗੱਲਬਾਤ ਦੌਰਾਨ ਕਿਹਾ, "ਮੈਂ ਮੁੰਡਿਆਂ ਨਾਲ ਗੱਲ ਕੀਤੀ ਹੈ ਅਤੇ ਮੇਰੀ ਸਲਾਹ ਹੈ ਕਿ ਇਸ 'ਤੇ ਜ਼ਿਆਦਾ ਧਿਆਨ ਨਾ ਦਿਓ ਕਿਉਂਕਿ ਇਹ ਤੁਹਾਡੇ ਕੰਟਰੋਲ ਤੋਂ ਬਾਹਰ ਦੀ ਚੀਜ਼ ਹੈ।"

ਉਨ੍ਹਾਂ ਕਿਹਾ, "ਜੋ ਲੋਕ ਇਸ 'ਚ ਸ਼ਾਮਲ ਹਨ ਉਹ ਇਹ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਸਭ ਤੋਂ ਵਧੀਆ ਸੰਭਵ ਨਤੀਜਾ ਪ੍ਰਾਪਤ ਕਰੀਏ," ਛੇਤਰੀ ਨੇ ਕਿਹਾ, 'ਹਰ ਕੋਈ ਇਸ ਦਿਸ਼ਾ 'ਚ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਜਿੱਥੋਂ ਤੱਕ ਖਿਡਾਰੀਆਂ ਦਾ ਸਵਾਲ ਹੈ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਸੀਂ ਆਪਣਾ ਕੰਮ ਸਹੀ ਢੰਗ ਨਾਲ ਕਰੀਏ।' ਉਨ੍ਹਾਂ ਨੇ ਕਿਹਾ, 'ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਕਿ ਤੁਸੀਂ ਆਪਣੇ ਆਪ ਨੂੰ ਬਿਹਤਰ ਖਿਡਾਰੀ ਬਣਾਓ। ਜਦੋਂ ਵੀ ਤੁਹਾਨੂੰ ਆਪਣੇ ਕਲੱਬ ਜਾਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇ ਤਾਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੋ।' 

ਛੇਤਰੀ ਨੇ ਕਿਹਾ, 'ਏ. ਆਈ. ਐਫ. ਐਫ. ਵਿਚ ਹਰ ਕੋਈ ਇਸ ਨਾਲ ਹਰ ਸੰਭਵ ਤਰੀਕੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਨਤੀਜਾ ਸਾਡੇ ਪੱਖ ਵਿਚ ਹੋਵੇ।' ਭਾਰਤ 11 ਤੋਂ 30 ਅਕਤੂਬਰ ਤੱਕ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲਾ ਹੈ। ਡੂਰੰਡ ਕੱਪ 16 ਅਗਸਤ ਤੋਂ ਕੋਲਕਾਤਾ ਵਿੱਚ ਸ਼ੁਰੂ ਹੋਵੇਗਾ ਜਿਸ ਦੇ ਦੂਜੇ ਦਿਨ ਬੈਂਗਲੁਰੂ ਐਫ. ਸੀ. ਅਤੇ ਜਮਸ਼ੇਦਪੁਰ ਐਫ. ਸੀ. ਦਾ ਸਾਹਮਣਾ ਹੋਵੇਗਾ। ਬੈਂਗਲੁਰੂ FC ਨੇ 2013 ਵਿੱਚ ਆਪਣੇ ਆਗਮਨ ਤੋਂ ਬਾਅਦ ਲਗਭਗ ਹਰ ਪ੍ਰਮੁੱਖ ਰਾਸ਼ਟਰੀ ਖਿਤਾਬ ਜਿੱਤਿਆ ਹੈ, ਇਸ ਲਈ ਟੀਮ ਡੁਰੰਡ ਕੱਪ ਟਰਾਫੀ ਨੂੰ ਆਪਣੀ 'ਟਰਾਫੀ ਕੈਬਿਨੇਟ' ਵਿੱਚ ਸ਼ਾਮਲ ਕਰਨ ਲਈ ਉਤਸੁਕ ਹੋਵੇਗੀ।

ਇਹ ਵੀ ਪੜ੍ਹੋ : ਕੌਮਾਂਤਰੀ ਟੇਬਲ ਟੈਨਿਸ ਖਿਡਾਰਨ ਨੈਨਾ ਜਾਇਸਵਾਲ ਸਾਈਬਰ ਕ੍ਰਾਈਮ ਦੀ ਹੋਈ ਸ਼ਿਕਾਰ, ਸ਼ਿਕਾਇਤ ਦਰਜ

ਛੇਤਰੀ ਨੇ ਕਿਹਾ, 'ਇਹ ਬਹੁਤ ਖਾਸ ਹੈ। ਇਹ ਸਭ ਤੋਂ ਪੁਰਾਣੇ ਟੂਰਨਾਮੈਂਟਾਂ ਵਿੱਚੋਂ ਇੱਕ ਹੈ ਜੋ ਕਿ ਇੱਕ ਬਹੁਤ ਵੱਡੀ ਗੱਲ ਹੈ। ਪਰ ਕਲੱਬ ਨੇ ਵੀ ਇਹ ਖਿਤਾਬ ਨਹੀਂ ਜਿੱਤਿਆ ਹੈ ਅਤੇ ਨਿੱਜੀ ਤੌਰ 'ਤੇ ਮੈਂ ਡੁਰੈਂਡ ਕੱਪ ਵੀ ਨਹੀਂ ਜਿੱਤਿਆ ਹੈ।' ਉਨ੍ਹਾਂ ਨੇ ਕਿਹਾ, 'ਮੈਂ ਖੁਸ਼ਕਿਮਸਤੀ ਨਾਲ ਬਹੁਤ ਸਾਰੇ ਟੂਰਨਾਮੈਂਟ ਜਿੱਤਣ 'ਚ ਸਫਲ ਰਿਹਾ ਹਾਂ ਅਤੇ ਮੈਂ ਭਾਰਤ ਵਿਚ ਲਗਭਗ ਸਾਰੇ ਟੂਰਨਾਮੈਂਟ ਜਿੱਤੇ ਹਨ, ਬਸ ਡੁਰੰਡ ਕੱਪ ਦੀ ਕਮੀ ਹੈ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh