ਵਿੰਡੀਜ਼ ਖਿਡਾਰੀ ਨੇ ਯੁਵਰਾਜ ਨੂੰ ਪੰਜਾਬੀ 'ਚ ਕਿਹਾ ਕੁਝ ਅਜਿਹਾ, ਸੁਣ ਕੇ ਨਹੀਂ ਰੁਕੇਗਾ ਹਾਸਾ (Video)

11/19/2019 1:45:14 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਆਲਰਾਊਂਡਰ ਅਤੇ ਸਿਕਰਸ ਕਿੰਗ ਯੁਵਰਾਜ ਨੇ ਇਸੇ ਸਾਲ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਹੈ। ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਸਿੰਘ ਹੁਣ ਵਿਦੇਸ਼ੀ ਲੀਗਜ਼ ਖੇਡ ਰਹੇ ਹਨ। ਕੈਨੇਡਾ ਟੀ-20 ਲੀਗ ਖੇਡਣ ਤੋਂ ਬਾਅਦ ਹੁਣ ਯੁਵਰਾਜ ਆਬੂਧਾਬੀ ਵਿਚ ਖੇਡੀ ਜਾ ਰਹੀ ਟੀ-10 ਲੀਗ ਖੇਡ ਰਹੇ ਹਨ। ਕੈਨੇਡਾ ਟੀ-20 ਲੀਗ ਵਿਚ ਯੁਵਰਾਜ ਨੂੰ ਆਪਣੇ ਸਾਥੀ ਖਿਡਾਰੀਆਂ ਨਾਲ ਮਸਤੀ ਕਰਦਿਆਂ ਕਾਫੀ ਵਾਰ ਦੇਖਿਆ ਗਿਆ ਸੀ। ਆਪਣੇ ਖੁਸ਼ ਮਿਜਾਜ਼ ਸੁਭਾਅ ਤੋਂ ਮਜਬੂਰ ਯੁਵਰਾਜ ਟੀ-20 ਲੀਗ ਵਿਚ ਵੀ ਆਪਣੇ ਸਾਥੀ ਖਿਡਾਰੀਆਂ ਨਾਲ ਰੱਜ ਕੇ ਮਸਤੀ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਵਿਦੇਸ਼ੀ ਖਿਡਾਰੀਆਂ ਨੂੰ ਪੰਜਾਬੀ ਬੋਲਣ ਦੀ ਟ੍ਰੇਨਿੰਗ ਵੀ ਦੇ ਰਹੇ ਹਨ। ਯੁਵਰਾਜ ਨੇ ਆਪਣੇ ਆਫੀਸ਼ਿਅਲ ਟਵਿੱਟਰ ਹੈਂਡਲ ਤੋਂ ਇਕ ਮਜ਼ੇਦਾਰ ਵੀਡੀਓ ਅਪਲੋਡ ਕੀਤੀ ਹੈ ਜਿਸ ਨੂੰ ਦੇਖ ਤੁਸੀਂ ਆਪਣਾ ਹਾਸ ਨਹੀਂ ਰੋਕ ਸਕੋਗੇ।

ਇਸ ਵੀਡੀਓ ਵਿਚ ਵਿੰਡੀਜ਼ ਦੇ ਖਿਡਾਰੀ ਚਾਡਵਿਕ ਵਾਲਟਨ ਪੰਜਾਬੀ ਵਿਚ ਯੁਵਰਾਜ ਨੂੰ ਕਹਿ ਰਿਹਾ ਕਿ ਕੀ ਕਰ ਰਿਹਾ ਹੈ ਤੂੰ ਚਲ ਚਲੀਏ। ਇਸ ਤੋਂ ਬਾਅਦ ਯੁਵਰਾਜ ਵੀ ਪੰਜਾਬੀ ਵਿਚ ਜਵਾਬ ਦਿੰਦੇ ਹਨ ਕਿ ਤੂੰ ਪਹਿਲਾਂ ਚਲ ਮੈਂ ਬਾਅਦ 'ਚ ਆਵਾਂਗਾ। ਜਮੈਕਾ ਦੇ ਇਸ ਖਿਡਾਰੀ ਦੀ ਪੰਜਾਬੀ ਸੁਣ ਕੇ ਯੁਵੀ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਵੀਡੀਓ ਵਿਚ ਚਾਡਵਿਕ ਯੁਵਰਾਜ ਸਿੰਘ ਦੀ ਪੰਜਾਬੀ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਯੁਵਰਾਜ ਸਿੰਘ ਫਿਲਹਾਲ ਆਬੂਧਾਬੀ ਵਿਚ ਚਲ ਰਹੀ ਟੀ-10 ਲੀਗ ਵਿਚ ਮਰਾਠਾ ਅਰੇਬੀਅਨਜ਼ ਵੱਲੋਂ ਖੇਡ ਰਹੇ ਹਨ। ਇਸ ਟੂਰਨਾਮੈਂਟ ਵਿਚ ਯੁਵਰਾਜ ਨੇ ਹੁਣ ਤਕ 2 ਮੈਚ ਖੇਡੇ ਹਨ ਪਰ ਕੁਝ ਖਾਸ ਕਮਾਲ ਨਹੀਂ ਕਰ ਸਕੇ ਹਨ। ਯੁਵਰਾਜ ਨੇ ਟੀ-20 ਲੀਗ ਲਈ ਆਪਣੇ ਡੈਬਿਊ ਮੈਚ ਵਿਚ 10 ਦੌੜਾਂ ਬਣਾਈਆਂ ਸੀ। ਇਸ ਤੋਂ ਬਾਅਦ ਦੂਜੇ ਮੈਚ ਵਿਚ ਕਲੰਦਰਸ ਖਿਲਾਫ ਉਸ ਨੇ 5 ਗੇਂਦਾਂ ਵਿਚ 14 ਦੌੜਾਂ ਦੀ ਪਾਰੀ ਖੇਡੀ ਸੀ। ਉੱਥੇ ਹੀ ਚਾਡਵਿਕ ਵਾਲਟਨ ਇਕ ਵੈਸਟਇੰਡੀਜ਼ ਖਿਡਾਰੀ ਹਨ ਜਿਸ ਨੂੰ 'ਰੋਪ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਵਾਲਟਨ ਸੱਜੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਹਨ।