ਮੇਰੀ ਅੰਤਰ-ਆਤਮਾ ਦੀ ਆਵਾਜ਼, ਵਨ ਡੇ ''ਚ ਵਾਪਸੀ ਕਰਾਂਗਾ : ਰਹਾਨੇ

07/11/2020 10:16:39 PM

ਨਵੀਂ ਦਿੱਲੀ– ਭਾਰਤੀ ਬੱਲੇਬਾਜ਼ ਅਜਿੰਕਯ ਰਹਾਨੇ ਨੇ ਕਿਹਾ ਹੈ ਕਿ ਉਸਦੀ ਅੰਤਰ-ਆਤਮਾ ਦੀ ਆਵਾਜ਼ ਹੈ ਕਿ ਉਹ ਵਨ ਡੇ ਸਵਰੂਪ ਵਿਚ ਰਾਸ਼ਟਰੀ ਟੀਮ ਵਿਚ ਵਾਪਸੀ ਕਰੇਗਾ। ਰਹਾਨੇ ਆਖਰੀ ਵਾਰ ਇਸ ਸਵਰੂਪ ਵਿਚ ਫਰਵਰੀ 2018 ਵਿਚ ਖੇਡਿਆ ਸੀ। 32 ਸਾਲਾ ਇਸ ਬੱਲੇਬਾਜ਼ ਨੇ ਕਿਹਾ ਕਿ ਉਹ ਤਿੰਨੇ ਸਵਰੂਪਾਂ ਨੂੰ ਖੇਡਣ ਲਈ ਖੁਦ ਨੂੰ ਮਾਨਸਿਕ ਤੌਰ ਨਾਲ ਤਿਆਰ ਕਰ ਰਿਹਾ ਹੈ। ਰਹਾਨੇ ਨੇ ਇਕ ਗੱਲਬਾਤ ਵਿਚ ਕਿਹਾ, ''ਮੈਂ ਵਨ ਡੇ ਕ੍ਰਿਕਟ ਵਿਚ ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ, ਭਾਵੇਂ ਸਲਾਮੀ ਬੱਲੇਬਾਜ਼ ਹੋਵੇ ਜਾਂ ਨੰਬਰ ਚਾਰ 'ਤੇ। ਮੇਰੀ ਅੰਤਰ-ਆਤਮਾ ਅਜਿਹਾ ਕਹਿ ਰਹੀ ਹੈ , ਮੈਂ ਵਨ ਡੇ ਕ੍ਰਿਕਟ ਵਿਚ ਵਾਪਸੀ ਕਰਨਾ ਚਾਹੁੰਦਾ ਹਾਂ।'' ਮੁੰਬਈ ਦੇ ਇਸ ਬੱਲੇਬਾਜ਼ ਨੇ ਕਿਹਾ,''ਪਰ ਮੈਨੂੰ ਮੌਕਾ ਕਦੋਂ ਮਿਲੇਗਾ, ਇਸ ਬਾਰੇ ਵਿਚ ਨਹੀਂ ਪਤਾ ਹੈ। ਇਹ ਸਾਰੇ ਆਪਣੇ ਆਪ ਵਿਚ ਹਾਂ-ਪੱਖੀ ਰਹਿਣ ਤੇ ਆਪਣੀ ਸਮਰੱਥਾ ਨੂੰ ਜਾਨਣ ਦੇ ਬਾਰੇ ਵਿਚ ਹਨ।''


ਟੀਮ ਵਿਚ ਸਖਤ ਮੁਕਾਬਲੇਬਾਜ਼ੀ ਨੂੰ ਦੇਖਦੇ ਹੋਏ ਹਾਲਾਂਕਿ ਰਹਾਨੇ ਲਈ ਵਾਪਸੀ ਕਰਨਾ ਸੌਖਾ ਨਹੀਂ ਹੋਵੇਗਾ। ਉਸ ਨੂੰ ਨੰਬਰ-4 'ਤੇ ਬੱਲੇਬਾਜ਼ੀ ਕਰਨ ਵਿਚ ਪ੍ਰੇਸ਼ਾਨੀ ਨਹੀਂ ਹੋਵੇਗੀ ਪਰ ਮੁੰਬਈ ਦੇ ਉਸਦੇ ਨਾਲ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਇਸ ਜਗ੍ਹਾ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਟੀਮ ਵਿਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਪਹਿਲਾਂ ਤੋਂ ਹੀ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਜਗ੍ਹਾ ਪੱਕੀ ਹੈ।
ਰਹਾਨੇ ਤੋਂ ਜਦੋਂ ਪੁੱਛਿਆ ਗਿਆ ਕਿ ਵਨ ਡੇ ਵਿਚ ਉਹ ਕਿਸ ਕ੍ਰਮ 'ਤੇ ਬੱਲੇਬਾਜ਼ੀ ਕਰਨਾ ਚਾਹੇਗਾ ਤਾਂ ਉਸ ਨੇ ਕਿਹਾ,''ਮੈਂ ਪਾਰੀ ਸ਼ੁਰੂ ਕਰਨ ਦਾ ਮਜ਼ਾ ਲਿਆ ਹੈ ਪਰ ਚੌਥੇ ਕ੍ਰਮ 'ਤੇ ਬੱਲੇਬਾਜ਼ੀ ਕਰਨ ਵਿਚ ਵੀ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਮੈਂ ਦੋਵਾਂ ਸਥਾਨਾਂ 'ਤੇ ਬੱਲੇਬਾਜ਼ੀ ਨੂੰ ਲੈ ਕੇ ਸਹਿਜ ਹਾਂ।'' ਦੇਸ਼ ਲਈ 90 ਵਨ ਡੇ ਖੇਡਣ ਵਾਲੇ ਰਹਾਨੇ ਨੇ ਕਿਹਾ,''ਕੁਝ ਸਮੇਂ ਤਕ ਨੰਬਰ-4 'ਤੇ ਬੱਲੇਬਾਜ਼ੀ ਕਰਨ ਤੋਂ ਬਾਅਦ ਫਿਰ ਤੋਂ ਅਚਾਨਕ ਪਾਰੀ ਸ਼ੁਰੂ ਕਰਨਾ ਤੇ ਉਸ ਨਾਲ ਤਾਲਮੇਲ ਬਿਠਾਉਣਾ ਬਹੁਤ ਮੁਸ਼ਕਿਲ ਹੈ, ਜਿਹੜਾ ਮੈਂ ਕੀਤਾ ਸੀ। ਇਹ ਕਹਿਣਾ ਮੁਸ਼ਕਿਲ ਹੈ ਕਿ ਮੈਨੂੰ ਕਿਹੜਾ ਸਥਾਨ ਪਸੰਦ ਹੈ। ਮੈਂ ਦੋਵਾਂ ਵਿਚ ਚੰਗਾ ਕਰ ਸਕਦਾ ਹਾਂ।'' ਟੈਸਟ ਟੀਮ ਦੇ ਉਪ ਕਪਤਾਨ ਰਹਾਨੇ ਤੋਂ ਭਾਰਤੀ ਟੀ-20 ਟੀਮ ਬਾਰੇ ਪੁੱਛਿਆ ਗਿਆਂ ਤਾਂ ਉਸ ਨੇ ਕਿਹਾ,''ਮੈਂ ਟੀ-20 ਕ੍ਰਿਕਟ ਵਿਚ ਕਿਸੇ ਦੀ ਨਕਲ ਨਹੀਂ ਕਰਦਾ। ਮੈਂ ਅੰਦਰ ਤੋਂ ਬਾਹਰ ਵੱਲ ਸ਼ਾਟ ਖੇਡਣਾ ਪਸੰਦ ਕਰਦਾ ਹਾਂ। ਚਾਰ ਸਾਲ ਪਹਿਲਾਂ ਆਪਣਾ ਆਖਰੀ ਟੀ-20 ਕੌਮਾਂਤਰੀ ਖੇਡਣ ਵਾਲੇ ਰਹਾਨੇ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਆਪਣੀਆਂ ਸ਼ਾਟਾਂ ਦੇ ਬਾਰੇ ਵਿਚ ਤੈਅ ਹੋ ਤਾਂ ਤੁਹਾਨੂੰ ਉਸ ਨੂੰ ਖੇਡਣਾ ਚਾਹੀਦਾ ਹੈ। ਜੇਕਰ ਮੈਂ 18ਵੇਂ ਓਵਰ ਵਿਚ ਖੇਡ ਰਿਹਾ ਹਾਂ ਤਾਂ ਮੇਰਾ ਟੀਚਾ ਹੋਵੇਗਾ ਕਿ ਮੈਂ ਆਪਣੀ ਸਟ੍ਰਾਈਕ ਰੇਟ ਨੂੰ 150-160 ਤਕ ਕਿਵੇਂ ਪਹੁੰਚਾ ਸਕਦਾ ਹੈ।''

Gurdeep Singh

This news is Content Editor Gurdeep Singh