US Open ਹੋਇਆ ਸਭ ਤੋਂ ਮਹਿੰਗਾ ਟੂਰਨਾਮੈਂਟ, ਇਨਾਮੀ ਰਾਸ਼ੀ 5.04 ਕਰੋੜ ਡਾਲਰ ਹੋਈ

07/20/2017 12:20:34 PM

ਨਵੀਂ ਦਿੱਲੀ— ਇਸ ਸਾਲ ਆਯੋਜਿਤ ਹੋਣ ਵਾਲੇ ਚੌਥੇ ਗ੍ਰੈਂਡ ਸਲੈਮ ਟੂਰਨਾਮੈਂਟ ਅਮਰੀਕੀ ਓਪਨ ਦੀ ਇਨਾਮੀ ਰਾਸ਼ੀ ਵਿਚ ਵਾਧਾ ਹੋਇਆ ਹੈ। ਇਸ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਵੱਧ ਕੇ 5.04 ਕਰੋੜ ਡਾਲਰ ਹੋ ਗਈ ਹੈ। ਅਮਰੀਕਾ ਟੈਨਿਸ ਸੰਘ (ਯੂ.ਐੱਸ.ਟੀ.ਏ.) ਨੇ ਇਸ ਦੀ ਜਾਣਕਾਰੀ ਦਿੱਤੀ।

ਸਭ ਤੋਂ ਮਹਿੰਗਾ ਹੋਇਆ ਯੂ.ਐੱਸ. ਓਪਨ
ਯੂ.ਐੱਸ.ਟੀ.ਏ. ਨੇ ਕਿਹਾ ਕਿ ਟੂਰਨਾਮੈਂਟ ਦੀ ਰਾਸ਼ੀ 40 ਲੱਖ ਡਾਲਰ ਵਧੀ ਹੈ। ਇਸ ਕਾਰਨ ਇਹ ਟੂਰਨਾਮੈਂਟ ਹੋਰਨਾਂ ਦੇ ਮੁਕਾਬਲੇ ਵਿਚ ਸਭ ਤੋਂ ਮਹਿੰਗਾ ਹੋ ਗਿਆ ਹੈ। ਅਮਰੀਕੀ ਓਪਨ ਵਿਚ ਮਹਿਲਾ ਅਤੇ ਪੁਰਸ਼ ਸਿੰਗਲ ਵਰਗ ਦੇ ਜੇਤੂਆਂ ਨੂੰ 37-37 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ। ਇਸ ਦੇ ਨਾਲ ਹੀ ਹਰ ਦੌਰ ਦੀ ਇਨਾਮੀ ਰਾਸ਼ੀ 'ਚ 7.5 ਫੀਸਦੀ ਦਾ ਵਾਧਾ ਹੋਇਆ ਹੈ।

28 ਅਗਸਤ ਤੋਂ ਸ਼ੁਰੂ ਹੋਵੇਗਾ ਯੂ.ਐੱਸ. ਓਪਨ
ਯੂ.ਐੱਸ.ਟੀ.ਏ. ਦੀ ਚੇਅਰਮੈਨ ਕੈਟਰੀਨਾ ਐਡਮਸ ਨੇ ਇਕ ਬਿਆਨ ਵਿਚ ਕਿਹਾ, ''ਪੰਜ ਸਾਲ ਪਹਿਲਾਂ, ਅਸੀਂ ਖਿਡਾਰੀਆਂ ਨੂੰ ਵਚਨਬੱਧਤਾ ਜਤਾਈ ਸੀ ਕਿ ਅਮਰੀਕੀ ਓਪਨ ਦੀ ਇਨਾਮੀ ਰਾਸ਼ੀ ਇਕ ਦਿਨ ਪੰਜ ਕਰੋੜ ਡਾਲਰ ਤੱਕ ਪਹੁੰਚੇਗੀ ਅਤੇ ਅਸੀਂ ਇਸ ਵਚਨਬੱਧਤਾ ਨੂੰ ਪੂਰਾ ਕਰ ਕੇ ਮਾਣ ਮਹਿਸੂਸ ਕਰ ਰਹੇ ਹਾਂ।'' ਇਸ ਸਾਲ ਅਮਰੀਕੀ ਓਪਨ ਦਾ ਆਯੋਜਨ 28 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ 10 ਸਤੰਬਰ ਨੂੰ ਇਸ ਦੀ ਸਮਾਪਤੀ ਹੋਵੇਗੀ।