ਟੀ-20 ਵਿਸ਼ਵ ਕੱਪ ਦਾ ਆਯੋਜਨ ਭਾਰਤ ’ਚੋਂ ਬਾਹਰ ਹੋਣਾ ਲੱਗਭਗ ਤੈਅ, ਇਨ੍ਹਾਂ ਦੇਸ਼ਾਂ ’ਚ ਹੋ ਸਕਦੇ ਹਨ ਮੈਚ

06/05/2021 6:41:27 PM

ਸਪੋਰਟਸ ਡੈਸਕ : ਭਾਰਤ ’ਚ ਅਕਤੂਬਰ-ਨਵੰਬਰ ’ਚ ਪ੍ਰਸਤਾਵਿਤ ਟੀ-20 ਵਿਸ਼ਵ ਕੱਪ ਦਾ ਆਯੋਜਨ ਯੂ. ਏ. ਈ. ਤੇ ਓਮਾਨ ’ਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਦੇਸ਼ ’ਚ ਕੋਵਿਡ-19 ਦੀ ਮੁਸ਼ਕਿਲ ਸਥਿਤੀ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅੰਦਰੂਨੀ ਤੌਰ ’ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੂੰ ਇਸ ਦੀ ਤਿਆਰੀ ਸ਼ੁਰੂ ਕਰਨ ਦੀ ਸੂਚਨਾ ਦੇ ਦਿੱਤੀ ਹੈ। ਇਸ ਟੂਰਨਾਮੈਂਟ ਲਈ ਸੰਯੁਕਤ ਅਰਬ ਅਮੀਰਾਤ ਹਮੇਸ਼ਾ ਪਹਿਲਾ ਬਦਲ ਸੀ, ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਆਬੂਧਾਬੀ, ਦੁਬਈ ਅਤੇ ਸ਼ਾਰਜਾਹ ਦੇ ਨਾਲ ਓਮਾਨ ਦੀ ਰਾਜਧਾਨੀ ਮਸਕਟ ਨੂੰ ਚੌਥੇ ਸਥਾਨ ਵਜੋਂ ਜੋੜਿਆ ਗਿਆ ਹੈ।

ਆਈ. ਸੀ. ਸੀ. ਬੋਰਡ ’ਚ ਇਸ ਘਟਨਾਕ੍ਰਮ ਤੋਂ ਜਾਣੂ ਬੀ. ਸੀ. ਸੀ. ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਹਾਂ, ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਬੋਰਡ ਦੀ ਮੀਟਿੰਗ ਦੌਰਾਨ ਰਸਮੀ ਤੌਰ ’ਤੇ ਅੰਤਿਮ ਫੈਸਲਾ ਲੈਣ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ ਪਰ ਅੰਦਰੂਨੀ ਤੌਰ ’ਤੇ ਉਸ ਨੇ ਕਿਹਾ ਕਿ ਉਹ ਮੇਜ਼ਬਾਨੀ ਦੇ ਅਧਿਕਾਰ ਰੱਖਣਾ ਚਾਹੁਣਗੇ ਤੇ ਸੰਯੁਕਤ ਅਰਬ ਅਮੀਰਾਤ ਤੇ ਓਮਾਨ ’ਚ ਹੋਣ ਵਾਲੇ ਟੂਰਨਾਮੈਂਟ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ। 16 ਟੀਮਾਂ ਵਾਲੇ ਮੁਕਾਬਲੇ ਦੇ ਸ਼ੁਰੂਆਤੀ ਰਾਊਂਡ ਦੇ ਮੈਚਾਂ ਲਈ ਮਸਕਟ ਨੂੰ ਵਿਸ਼ੇਸ਼ ਤੌਰ ’ਤੇ ਮੇਜ਼ਬਾਨ ਵਜੋਂ ਰੱਖਿਆ ਗਿਆ ਹੈ। ਇਸ ਨਾਲ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ 31 ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਯੂ. ਏ. ਈ. ਦੇ ਤਿੰਨ ਮੈਦਾਨਾਂ ਦੇ ਤਰੋਤਾਜ਼ਾ ਹੋਣ ਲਈ ਕਾਫ਼ੀ ਸਮਾਂ ਮਿਲੇਗਾ।

ਉਨ੍ਹਾਂ ਕਿਹਾ ਕਿ ਜੇ ਆਈ. ਪੀ. ਐੱਲ. 10 ਅਕਤੂਬਰ ਤੱਕ ਖਤਮ ਹੋ ਜਾਂਦਾ ਹੈ ਤਾਂ ਯੂ. ਏ. ਈ. ’ਚ ਟੀ-20 ਵਿਸ਼ਵ ਕੱਪ ਦੇ ਮੈਚ ਨਵੰਬਰ ’ਚ ਸ਼ੁਰੂ ਕੀਤੇ ਜਾ ਸਕਦੇ ਹਨ। ਇਸ ਨਾਲ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਲਈ ਪਿੱਚਾਂ ਨੂੰ ਤਿਆਰ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਮਿਲੇਗਾ। ਇਸ ਦੌਰਾਨ ਪਹਿਲੇ ਹਫ਼ਤੇ ਦੇ ਮੈਚ ਓਮਾਨ ’ਚ ਖੇਡੇ ਜਾ ਸਕਦੇ ਹਨ। ਆਈ. ਸੀ. ਸੀ. ਬੋਰਡ ਦੇ ਬਹੁਤੇ ਮੈਂਬਰਾਂ ਦਾ ਵਿਚਾਰ ਹੈ ਕਿ ਭਾਰਤ ਸਮਾਂ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਅਕਤੂਬਰ-ਨਵੰਬਰ ’ਚ ਹਾਲਾਤ ਕਿਹੋ ਜਿਹੇ ਹੋਣਗੇ ਇਸ ਦਾ ਅੰਦਾਜ਼ਾ ਲਾਉਣਾ ਕਾਫ਼ੀ ਮੁਸ਼ਕਿਲ ਹੈ।

ਉਨ੍ਹਾਂ ਕਿਹਾ ਕਿ ਜੇ ਤੁਸੀਂ ਇਸ ਬਾਰੇ ਅਮਲੀ ਤੌਰ ’ਤੇ ਸੋਚਦੇ ਹੋ ਤਾਂ ਭਾਰਤ ’ਚ ਹੁਣ ਕੋਵਿਡ-19 ਵਾਇਰਸ ਦੇ 1,20,000 ਤੋਂ ਵੱਧ ਕੇਸ ਰੋਜ਼ਾਨਾ ਆ ਰਹੇ ਹਨ, ਜੋ ਅਪ੍ਰੈਲ ਦੇ ਅੰਤ ’ਚ ਅਤੇ ਇਸ ਮਹੀਨੇ ਦੀ ਸ਼ੁਰੂਆਤ ’ਚ ਆਉਣ ਵਾਲੇ ਮਾਮਲਿਆਂ ’ਚੋਂ ਇਕ-ਤਿਹਾਈ ਹਨ। ਅਧਿਕਾਰੀ ਨੇ ਕਿਹਾ ਕਿ ਤੁਸੀਂ 28 ਜੂਨ ਨੂੰ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਕਿਵੇਂ ਹਾਂ ਕਹਿ ਸਕਦੇ ਹੋ, ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਤੁਸੀਂ ਅਕਤੂਬਰ ਦੀ ਸਿਹਤ ਸਥਿਤੀ ਬਾਰੇ ਕਿਵੇਂ ਸੋਚ ਸਕਦੇ ਹੋ। ਇਸ ਮਾਮਲੇ ਵਿਚ ਦੂਸਰਾ ਸਵਾਲ ਇਹ ਹੈ ਕਿ ਜੇ ਬੀ. ਸੀ. ਸੀ. ਆਈ. ਭਾਰਤ ’ਚ ਸਤੰਬਰ ਵਿਚ ਅੱਠ ਟੀਮਾਂ ਦੇ ਆਈ. ਪੀ. ਐੱਲ. ਨੂੰ ਮੁੜ ਤੋਂ ਸ਼ੁਰੂ ਕਰਨ ਤੋਂ ਝਿਜਕ ਰਿਹਾ ਹੈ, ਤਾਂ ਉਹ ਇਕ ਮਹੀਨੇ ਵਿਚ ਦੇਸ਼ ’ਚ 16 ਟੀਮਾਂ ਦੀ ਮੇਜ਼ਬਾਨੀ ਕਿਵੇਂ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਬੀ. ਸੀ. ਸੀ. ਆਈ. ’ਚ ਹਰ ਕੋਈ ਜਾਣਦਾ ਹੈ ਕਿ ਕੋਵਿਡ-19 ’ਤੇ ਮਾਨਸੂਨ ਦਾ ਕੋਈ ਪ੍ਰਭਾਵ ਨਹੀਂ ਹੋਵੇਗਾ। ਇਸ ਟੂਰਨਾਮੈਂਟ ’ਤੇ 2500 ਕਰੋੜ ਦਾ ਮਾਲੀਆ ਲਗਾਇਆ ਜਾਵੇਗਾ। ਇਸ ਟੂਰਨਾਮੈਂਟ ਨਾਲ ਜੁੜੇ ਆਈ. ਸੀ. ਸੀ. ਦੇ ਐਸੋਸੀਏਟ ਦੇਸ਼ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ 16 ਦੇਸ਼ਾਂ ਦਾ ਟੂਰਨਾਮੈਂਟ ਹੈ ਅਤੇ ਜੇ ਕਿਸੇ ਇਕ ਟੀਮ ਦੇ ਬਾਇਓ ਬਬਲ ’ਚ ਬਹੁਤ ਸਾਰੇ ਕੇਸ ਹੁੰਦੇ ਹਨ, ਤਾਂ ਇਹ ਆਈ. ਪੀ. ਐੱਲ. ਵਾਂਗ ਨਹੀਂ ਹੋਵੇਗਾ। ਟੀਮਾਂ ਕੋਲ 14-15 ਬਾਹਰਲੇ ਖਿਡਾਰੀ ਚੁਣਨ ਦਾ ਬਦਲ ਨਹੀਂ ਹੋਵੇਗਾ । ਇਸ ਵਿਚ ਹੋਰ ਵੀ ਕਈ ਮੁੱਦੇ ਹਨ। ਇਕ ਹੋਰ ਵੱਡਾ ਸਵਾਲ ਇਹ ਹੈ ਕਿ ਜੇ ਸਥਿਤੀ ’ਚ ਜ਼ਿਆਦਾ ਸੁਧਾਰ ਨਾ ਹੋਇਆ ਤਾਂ ਕਿੰਨੇ ਵਿਦੇਸ਼ੀ ਖਿਡਾਰੀ ਭਾਰਤ ਆਉਣ ਦਾ ਜੋਖਮ ਲੈਣਾ ਚਾਹੁਣਗੇ। ਉਨ੍ਹਾਂ ਕਿਹਾ ਕਿ ਉਹ ਆਈ. ਪੀ. ਐੱਲ. ਖੇਡਣ ਲਈ ਯੂ. ਏ. ਈ. ਆਉਣਗੇ ਅਤੇ ਉਥੇ ਹੀ ਟੀ-20 ਵਰਲਡ ਕੱਪ ਖੇਡਣ ਲਈ ਵੀ ਤਿਆਰ ਹੋਣਗੇ।

Manoj

This news is Content Editor Manoj