ਰਾਮਕੁਮਾਰ ਅਤੇ ਪ੍ਰਜਨੇਸ਼ ਦੀ ਹਾਰ, ਬੋਪੰਨਾ-ਸ਼੍ਰੀਰਾਮ ''ਤੇ ਵਧੀ ਜ਼ਿੰਮੇਵਾਰੀ

09/15/2018 1:35:12 PM

ਕ੍ਰਾਲਜੇਵੋ : ਰਾਮਕੁਮਾਰ ਰਾਮਨਾਥਨ ਅਤੇ ਪ੍ਰਜਨੇਸ਼ ਗੁਣੇਸ਼ਵਰਮ ਦੇ ਸ਼ੁਰੂਆਤੀ ਸਿੰਗਲਜ਼ ਮੈਚਾਂ ਵਿਚ ਹਾਰ ਕਾਰਨ ਭਾਰਤ ਸ਼ੁੱਕਰਵਾਰ ਨੂੰ ਵਿਸ਼ਵ ਗਰੁਪ ਪਲੇਆਫ ਮੁਕਾਬਲੇ ਵਿਚ ਸਰਬੀਆ ਤੋਂ 0-2 ਨਾਲ ਪੱਛੜ ਗਿਆ। ਰਾਮਕੁਮਾਰ ਨੇ ਲਾਸਲੋ ਦਾਜਰੇ ਨੂੰ ਸਖਤ ਚੁਣੌਤੀ ਦਿੱਤੀ ਪਰ ਆਖਰ ਵਿਚ ਉਸ ਨੂੰ 3 ਘੰਟੇ 11 ਮਿੰਟ ਤਕ ਚੱਲੇ ਮੁਕਾਬਲੇ ਵਿਚ 6-3, 4-6, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਾਜਰੇ ਨੇ ਇਸ ਤੋਂ ਪਹਿਲਾਂ ਡੇਵਿਸ ਕੱਪ ਵਿਚ 2 ਮੈਚ ਖੇਡੇ ਸੀ ਅਤੇ ਉਨ੍ਹਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਯੁਕੀ ਭਾਂਬਰੀ ਦੀ ਗੈਰ-ਹਾਜ਼ਰੀ ਵਿਚ ਖੇਡ ਰਹੇ ਭਾਰਤ ਨੂੰ ਵਾਪਸੀ ਦਿਵਾਉਣ ਦੀ ਜ਼ਿੰਮੇਵਾਰੀ ਪ੍ਰਜਨੇਸ਼ ਦੀ ਸੀ ਪਰ ਉਸ ਨੇ ਕਈ ਮੌਕੇ ਗੁਆਏ ਅਤੇ ਆਖਰ 'ਚ ਵਿਸ਼ਵ ਵਿਚ 56ਵੇਂ ਨੰਬਰ ਦੇ ਦੁਸਾਨ ਲਾਜੋਵਿਚ ਤੋਂ ਸਿੱਧੇ ਸੈੱਟਾਂ ਵਿਚ 4-6, 3-6, 4-6 ਨਾਲ ਹਾਰ ਗਏ। ਇਹ ਮੁਕਾਬਲਾ ਇਕ ਘੰਟੇ 57 ਮਿੰਟ ਤਕ ਚੱਲਿਆ।

ਲਾਜੋਵਿਚ ਵਰਗੇ ਖਿਡਾਰੀ ਨੇ ਪ੍ਰਜਨੇਸ਼ ਨੂੰ ਕਈ ਮੌਕੇ ਦਿੱਤੇ ਪਰ ਭਾਰਤੀ ਖਿਡਾਰੀ ਇਸ ਦਾ ਫਾਇਦਾ ਨਹਂੀਂ ਚੁੱਕ ਸਕਿਆ। ਪ੍ਰਜਨੇਸ਼ ਨੂੰ 9 ਵਾਰ ਬ੍ਰੇਕ ਪੁਆਈਂਟ ਹਾਸਲ ਕਰਨ ਦਾ ਮੌਕਾ ਮਿਲਿਆ ਪਰ ਇਸ ਵਿਚੋਂ ਉਹ ਸਿਰਫ 2 ਵਾਰ ਹੀ ਅੰਕ ਹਾਸਲ ਕਰ ਸਕਿਆ। ਭਾਰਤ ਨੂੰ ਮੁਕਾਬਲੇ ਵਿਚ ਰੱਖਣ ਦੀ ਜ਼ਿੰਮੇਵਾਰੀ ਹੁਣ ਬੋਪੰਨਾ ਅਤੇ ਸ਼੍ਰੀਰਾਮ ਬਾਲਾਜੀ ਦੀ ਡਬਲਜ਼ ਜੋੜੀ 'ਤੇ ਹੈ ਜਿਸ ਨੂੰ ਇਸ ਦੇ ਲਈ ਅੱਜ ਹੋਣ ਵਾਲੇ ਡਬਲਜ਼ ਮੁਕਾਬਲੇ ਵਿਚ ਮਿਲੋਜੇਵਿਚ ਅਤੇ ਦਾਨਿਲੋ ਪੇਤਰੋਵਿਚ 'ਤੇ ਹਰ ਹਾਲ ਵਿਚ ਜਿੱਤ ਦਰਜ ਕਰਨੀ ਹੋਵੇਗੀ।