ਅੱਤਵਾਦ ਦਾ ਰਾਹ ਛੱਡਣ ਵਾਲੇ ਫੁੱਟਬਾਲ ਖਿਡਾਰੀ ਦਾ ਮੁੜ-ਵਸੇਬਾ

12/03/2017 1:46:02 AM

ਅਵੰਤੀਪੁਰਾ/ਜੰਮੂ (ਯੂ. ਐੱਨ. ਆਈ.)- ਫੁੱਟਬਾਲ ਖਿਡਾਰੀ ਤੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਣੇ ਅਤੇ 15 ਕੁ ਦਿਨ ਪਹਿਲਾਂ ਹਿੰਸਾ ਦਾ ਰਾਹ ਛੱਡ ਕੇ ਆਪਣੇ ਘਰ ਪਰਤਣ ਵਾਲੇ ਮਾਜ਼ਿਦ ਇਰਸ਼ਾਦ ਖਾਨ ਨੂੰ ਪੜ੍ਹਾਈ ਅਤੇ ਖੇਡਾਂ 'ਚ ਆਪਣਾ ਭਵਿੱਖ ਬਣਾਉਣ ਲਈ ਉਸ ਦੇ ਮੁੜ-ਵਸੇਬੇ ਤਹਿਤ ਸੂਬੇ ਦੇ ਬਾਹਰ ਭੇਜਿਆ ਗਿਆ ਹੈ। 
ਵਿਕਟਰ ਫੋਰਸ ਦੇ ਜਨਰਲ ਆਫਿਸਰ ਕਮਾਂਡਿੰਗ (ਜੀ. ਓ. ਸੀ.) ਮੇਜਰ ਜਨਰਲ ਬੀ. ਐੱਸ. ਰਾਜੂ ਨੇ ਕਿਹਾ ਕਿ ਫੌਜ ਨੇ ਪਰਿਵਾਰ ਦੀ ਸਹਿਮਤੀ ਮਗਰੋਂ ਉਸ (ਮਾਜ਼ਿਦ) ਨੂੰ ਪੜ੍ਹਾਈ ਪੂਰੀ ਕਰਨ ਜਾਂ ਖੇਡਾਂ 'ਚ ਕਰੀਅਰ ਬਣਾਉਣ ਲਈ ਸੂਬੇ ਦੇ ਬਾਹਰ ਭੇਜਿਆ ਹੈ। 
ਮਾਜ਼ਿਦ ਦੇ ਆਤਮ-ਸਮਰਪਣ ਦੇ ਤੁਰੰਤ ਬਾਅਦ ਪ੍ਰਸਿੱਧ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਨੇ ਉਸ ਦੇ ਸਾਹਮਣੇ ਫੁੱਟਬਾਲ 'ਚ ਆਪਣੇ ਸੁਪਨੇ ਸਾਕਾਰ ਕਰਨ ਲਈ ਗੋਲਕੀਪਰ ਬਣਨ ਦੀ ਤਜਵੀਜ਼ ਰੱਖੀ ਸੀ। ਜੀ. ਓ. ਸੀ. ਰਾਜੂ ਨੇ ਕਿਹਾ ਕਿ ਮਾਜ਼ਿਦ ਜੇਕਰ ਮੁੱਖ ਧਾਰਾ ਦਾ ਹਿੱਸਾ ਅਤੇ ਆਪਣਾ ਕਰੀਅਰ ਬਣਾਉਣ 'ਚ ਲੱਗ ਜਾਂਦਾ ਹੈ ਤਾਂ ਉਹ ਸਥਾਨਕ ਅੱਤਵਾਦੀਆਂ ਲਈ ਇਕ ਮਿਸਾਲ ਵਾਂਗ ਕੰਮ ਕਰੇਗਾ। ਬਾਅਦ ਵਿਚ ਹੋਰ ਅੱਤਵਾਦੀ ਵੀ ਉਸ ਦੇ ਵਾਂਗ ਬਣਨ ਦੀ ਕੋਸ਼ਿਸ਼ ਕਰਨਗੇ। ਇਹ ਪੁੱਛੇ ਜਾਣ 'ਤੇ ਕਿ ਕੀ ਮਾਜ਼ਿਦ ਦੀ ਸਿੱਖਿਆ 'ਚ ਸਰਕਾਰ ਜਾਂ ਫੌਜ ਮਦਦ ਕਰੇਗੀ ਤਾਂ ਉਨ੍ਹਾਂ ਕਿਹਾ ਕਿ ਵਧੇਰੇ ਖਰਚ ਉਸ ਦੇ ਪਰਿਵਾਰ ਦੇ ਲੋਕ ਕਰਨਗੇ।