ਮੈਲਬੋਰਨ ਪਿੱਚ ਦੋਵਾਂ ਟੀਮਾਂ ਨੂੰ ਕਰ ਸਕਦੀ ਹੈ ਹੈਰਾਨ

12/21/2018 9:34:20 PM

ਮੈਲਬੋਰਨ— ਇਕ ਸਾਲ ਪਹਿਲਾਂ ਖਰਾਬ ਰੇਟਿੰਗ ਕਾਰਨ ਵਿਵਾਦਾਂ 'ਚ ਆਈ ਮੈਲਬੋਰਨ ਪਿੱਚ 'ਤੇ ਮੇਜ਼ਬਾਨ ਆਸਟਰੇਲੀਆਈ ਕ੍ਰਿਕਟ ਟੀਮ ਲੰਬੇ ਸਮੇਂ ਬਾਅਦ ਖੇਡਣ ਉਤਰੇਗੀ, ਜਿਥੇ ਉਹ ਭਾਰਤ ਵਿਰੁੱਧ ਮੌਜੂਦਾ ਸੀਰੀਜ਼ ਦਾ ਤੀਜਾ ਟੈਸਟ ਖੇਡੇਗੀ ਤੇ ਉਸ ਨੂੰ ਉਮੀਦ ਹੈ ਕਿ ਇਹ ਪਿੱਚ ਦੋਵਾਂ ਹੀ ਟੀਮਾਂ ਲਈ ਹੈਰਾਨ ਕਰਨ ਵਾਲੇ ਨਤੀਜੇ ਦੇਵੇਗੀ।
ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ 26 ਦਸੰਬਰ ਤੋਂ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਣਾ ਹੈ। ਪਰਥ ਦੀ ਉਛਾਲ ਭਰੀ ਪਿੱਚ ਤੋਂ ਬਾਅਦ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮੰਨ ਰਹੇ ਹਨ ਕਿ ਮੈਲਬੋਰਨ ਦੀ ਪਿੱਚ ਦੇ ਸੁਭਾਅ ਨੂੰ ਲੈ ਕੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਇਹ ਹੈਰਾਨ ਕਰ ਸਕਦੀ ਹੈ ਪਰ ਇੰਨਾ ਤੈਅ ਹੈ ਕਿ ਦੋਵਾਂ ਹੀ ਟੀਮਾਂ ਲਈ ਇਹ ਮੁਕਾਬਲੇ ਵਾਲੀ ਹੋਵੇਗੀ।
ਮੈਲਬੋਰਨ ਕ੍ਰਿਕਟ ਗਰਾਊਂਡ (ਐੱਮ. ਸੀ. ਜੀ.) ਨੂੰ ਇਕ ਸਾਲ ਪਹਿਲਾਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵਲੋਂ ਨਾਂਹ-ਪੱਖੀ ਰੇਟਿੰਗ ਦਿੱਤੀ ਗਈ ਸੀ। ਇੰਗਲੈਂਡ ਤੇ ਆਸਟਰੇਲੀਆ ਵਿਚਾਲੇ ਇਕ ਸਾਲ ਪਹਿਲਾਂ ਇਥੇ ਹੋਏ ਮੈਚ ਵਿਚ 5 ਦਿਨ ਦੀ ਖੇਡ 'ਚ ਸਿਰਫ 24 ਵਿਕਟਾਂ ਡਿਗੀਆਂ ਸਨ। ਮਾਹਿਰਾਂ ਨੇ ਇਸ ਪਿੱਚ 'ਤੇ ਸਵਾਲ ਉਠਾਏ ਸਨ, ਜਦਕਿ ਇਸ ਦੀ ਆਈ. ਸੀ. ਸੀ. ਵਲੋਂ ਜਾਂਚ ਤੋਂ ਬਾਅਦ ਇਸ ਨੂੰ ਖਰਾਬ ਰੇਟਿੰਗ ਦਿੱਤੀ ਗਈ ਸੀ।
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਪਿੱਚ ਨੂੰ ਲੈ ਕੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਇਹ ਪਿੱਚ ਤੀਜੇ ਟੈਸਟ ਵਿਚ ਭਾਰਤ ਵਿਰੁੱਧ ਕਿਹੋ ਜਿਹੀ ਹੋਵੇਗੀ, ਜਦਕਿ ਇਕ ਹੋਰ ਗੇਂਦਬਾਜ਼ ਪੀਟਰ ਸਿਡਲ ਨੇ ਭਰੋਸਾ ਪ੍ਰਗਟਾਇਆ ਹੈ ਕਿ ਇਹ ਟੈਸਟ ਕਾਫੀ ਮੁਕਾਬਲੇ ਵਾਲਾ ਹੋਵੇਗਾ। ਸਟਾਰਕ ਨੇ ਕਿਹਾ, ''ਮੈਂ ਪਿਛਲੇ ਸਾਲ ਮੈਚ ਵਿਚ ਨਹੀਂ ਖੇਡਿਆ ਸੀ ਪਰ ਇਸ ਪਿੱਚ 'ਤੇ ਪੰਜ ਦਿਨਾਂ ਦੀ ਖੇਡ ਵਿਚ ਕੁਝ ਖਾਸ ਨਹੀਂ ਹੋਇਆ ਸੀ ਤੇ ਮੈਨੂੰ ਉਮੀਦ ਹੈ ਕਿ ਇਹ ਮਾਮਲਾ ਹੁਣ ਸੁਲਝ ਚੁੱਕਾ ਹੈ।''