ਭਾਰਤੀ ਟੀਮ ਦੀਆਂ ਨਜ਼ਰਾਂ ਕਲੀਨ ਸਵੀਪ ''ਤੇ

09/03/2017 12:09:10 AM

ਕੋਲੰਬੋ— ਤੂਫਾਨੀ ਅੰਦਾਜ਼ 'ਚ ਖੇਡ ਰਹੀ ਭਾਰਤੀ ਟੀਮ ਜਦੋਂ ਐਤਵਾਰ ਨੂੰ ਸ਼੍ਰੀਲੰਕਾ ਖਿਲਾਫ 5ਵੇਂ ਅਤੇ ਆਖਰੀ ਵਨਡੇ 'ਚ ਖੇਡਣ ਇਥੇ ਉਤਰੇਗੀ ਤਾਂ ਉਸ ਦਾ ਟੀਚਾ ਸ਼੍ਰੀਲੰਕਾਈ ਜ਼ਮੀਨ 'ਤੇ ਪਹਿਲੀ ਵਾਰ ਇਕ ਦਿਨਾ ਸੀਰੀਜ਼ 'ਚ 5-0 ਦਾ ਕਲੀਨ ਸਵੀਪ ਹਾਸਲ ਕਰਨਾ ਹੋਵੇਗਾ। ਭਾਰਤੀ ਟੀਮ ਨੇ ਹੁਣ ਤਕ ਇਕ ਵਾਰ ਵਿਦੇਸ਼ੀ ਜ਼ਮੀਨ 'ਤੇ 5 ਮੈਚਾਂ ਦੀ ਸੀਰੀਜ਼ 'ਚ 5-0 ਦਾ ਕਲੀਨ ਸਵੀਪ ਕੀਤਾ ਹੈ, ਜਦੋਂ ਉਸ ਨੇ ਜ਼ਿੰਬਾਬਵੇ ਨੂੰ 2013 'ਚ 5-0 ਨਾਲ ਹਰਾਇਆ ਸੀ। ਹੁਣ ਭਾਰਤ ਕੋਲ ਇਹ ਉਪਲੱਬਧੀ ਦੁਹਰਾਉਣ ਦਾ ਸੁਨਹਿਰੀ ਮੌਕਾ ਹੈ।
ਟੀਮ ਦੇ ਪ੍ਰਦਰਸ਼ਨ ਤੋਂ ਬਾਗੋਬਾਗ ਹਨ ਵਿਰਾਟ
ਕੈਪਟਨ ਵਿਰਾਟ ਕੋਹਲੀ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਬਾਗੋਬਾਗ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਜੇਤੂ ਟੀਮ ਦੀ ਅਗਵਾਈ ਕਰਨਾ ਵਾਕਈ ਸੁਖਦ ਹੈ। ਟੀਮ ਇਕ ਇਕਾਈ ਦੇ ਰੂਪ 'ਚ ਖੇਡ ਰਹੀ ਹੈ ਅਤੇ ਮੇਰੇ ਲਈ ਇਹ ਸਭ ਤੋਂ ਵਿਸ਼ੇਸ਼ ਹੈ। ਮੈਨੂੰ ਲੱਗਦਾ ਹੈ ਕਿ ਟੀਮ 'ਚ ਜਿੱਤ ਦੀ ਭੁੱਖ ਨੇ ਹੀ ਉਸ ਨੂੰ ਲਗਾਤਾਰ ਜਿੱਤ ਦੀ ਪੱਟੜੀ 'ਤੇ ਬਣਾਇਆ ਹੋਇਆ ਹੈ। ਵਿਰਾਟ ਨੇ ਕਿਹਾ ਕਿ ਇਹ ਰੋਮਾਂਚਿਤ ਕਰ ਦੇਣ ਵਾਲਾ ਹੈ ਕਿ ਹਰ ਇਕ ਜਿੱਤ ਤੋਂ ਬਾਅਦ ਟੀਮ ਦੀ ਜਿੱਤ ਪ੍ਰਤੀ ਲਾਲਸਾ ਵਧਦੀ ਹੀ ਜਾ ਰਹੀ ਹੈ। ਖਿਡਾਰੀਆਂ ਦੇ ਇਸ ਜਜ਼ਬੇ ਨੇ ਮੇਰੇ ਕੰਮ ਨੂੰ ਹੋਰ ਆਸਾਨ ਬਣਾ ਦਿੱਤਾ ਹੈ। ਮੈਂ ਸਿਰਫ ਮੈਦਾਨ ਸਜਾ ਸਕਦਾ ਹਾਂ ਪਰ ਅਸਲ ਕੰਮ ਖਿਡਾਰੀਆਂ ਨੇ ਕਰਨਾ ਹੁੰਦਾ ਹੈ।
ਟੀਮ ਇੰਡੀਆ ਨੇ ਹੁਣ ਤਕ 5 ਵਾਰ ਕੀਤਾ ਹੈ ਕਲੀਨ ਸਵੀਪ 
ਭਾਰਤ ਨੇ ਹੁਣ ਤਕ 5 ਵਾਰ 5 ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕੀਤਾ ਹੈ। ਭਾਰਤ ਨੇ 2008-09 'ਚ ਆਪਣੀ ਜ਼ਮੀਨ 'ਤੇ ਇੰਗਲੈਂਡ ਨੂੰ, 2010-11 'ਚ ਨਿਊਜ਼ੀਲੈਂਡ ਨੂੰ, 2011-12 'ਚ ਇੰਗਲੈਂਡ ਨੂੰ ਅਤੇ 2014-15 'ਚ ਸ਼੍ਰੀਲੰਕਾ ਨੂੰ 5-0 ਨਾਲ ਹਰਾਇਆ ਸੀ। ਟੀਮ ਇੰਡੀਆ ਸ਼੍ਰੀਲੰਕਾ ਦੌਰੇ 'ਚ ਲਗਾਤਾਰ 7 ਮੈਚ ਜਿੱਤ ਚੁੱਕੀ ਹੈ ਅਤੇ 8ਵੀਂ ਜਿੱਤ ਦੀ ਤਿਆਰੀ 'ਚ ਹੈ। ਭਾਰਤ ਨੇ ਪਹਿਲਾ ਵਨ ਡੇ 9 ਵਿਕਟਾਂ ਨਾਲ, ਦੂਜਾ 3 ਵਿਕਟਾਂ ਨਾਲ, ਤੀਜਾ 6 ਵਿਕਟਾਂ ਨਾਲ ਤੇ ਚੌਥਾ ਵਨ ਡੇ 168 ਦੌੜਾਂ ਨਾਲ ਜਿੱਤਿਆ।