...ਜਦੋਂ ਹਾਰ ਦਾ ਦੁੱਖ ਬਣਿਆ ਸੀ ਭਾਰਤੀ ਹਾਕੀ ਟੀਮ ਲਈ ਜਿੱਤ ਦੀ ਪ੍ਰੇਰਣਾ

03/17/2020 1:59:45 AM

ਨਵੀਂ ਦਿੱਲੀ— 45 ਸਾਲ ਪਹਿਲਾਂ 15 ਮਾਰਚ ਨੂੰ ਕੁਆਲਾਲੰਪੁਰ ਵਿਚ ਵਿਸ਼ਵ ਕੱਪ ਫਾਈਨਲ ਵਿਚ ਜਦੋਂ ਭਾਰਤੀ ਹਾਕੀ ਟੀਮ ਪਾਕਿਸਤਾਨ ਵਿਰੁੱਧ ਉਤਰੀ ਤਾਂ ਪੂਰਾ ਦੇਸ਼ ਰੇਡੀਓ 'ਤੇ ਕੰਨ ਲਾਈ ਬੈਠਾ ਸੀ ਪਰ ਮੈਦਾਨ 'ਤੇ ਉਤਰੇ ਭਾਰਤੀ ਖਿਡਾਰੀਆਂ ਦੇ ਦਿਮਾਗ ਵਿਚ ਇਕ ਹੀ ਗੱਲ ਸੀ ਕਿ 2 ਸਾਲ ਪਹਿਲਾਂ ਮਿਲੀ ਹਾਰ ਦਾ ਬਦਲਾ ਲੈਣਾ ਹੈ। ਦੁਨੀਆ ਵਿਚ ਅੱਜ ਚੌਥੇ ਨੰਬਰ ਦੀ ਟੀਮ ਭਾਰਤ ਨੇ ਇਕਲੌਤਾ ਵਿਸ਼ਵ ਕੱਪ ਕੁਆਲਾਲੰਪੁਰ ਵਿਚ 15  ਮਾਰਚ 1975 ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਜਿੱਤਿਆ ਸੀ। ਭਾਰਤ ਨੀਦਰਲੈਂਡ ਵਿਚ 1973 ਵਿਸ਼ਵ ਕੱਪ ਫਾਈਨਲ ਵਿਚ ਮੇਜ਼ਬਾਨ ਹੱਥੋਂ ਹਾਰ ਗਿਆ ਸੀ। ਫਾਈਨਲ  ਦੇ 51ਵੇਂ ਮਿੰਟ ਵਿਚ ਪਾਕਿਸਤਾਨ ਵਿਰੁੱਧ ਜੇਤੂ ਗੋਲ ਕਰਨ ਵਾਲੇ ਅਸ਼ੋਕ ਕੁਮਾਰ ਨੇ ਕਿਹਾ, ''ਅਸੀਂ 1973 ਵਿਚ ਜਿੱਤ ਦੇ ਨੇੜੇ ਪਹੁੰਚ ਕੇ ਹਾਰੇ ਸੀ ਅਤੇ ਇਹ ਦੁੱਖ ਸਾਰੇ ਖਿਡਾਰੀਆਂ ਦੇ ਮਨ ਵਿਚ ਘਰ ਕਰ ਗਿਆ ਸੀ।  2 ਗੋਲਾਂ ਦੀ ਬੜ੍ਹਤ ਲੈਣ ਤੋਂ ਬਾਅਦ ਅਸੀਂ ਹਾਲੈਂਡ ਨੂੰ ਬਰਾਬਰੀ ਦਾ ਮੌਕਾ ਦੇ ਦਿੱਤਾ। ਵਾਧੂ ਸਮੇਂ ਵਿਚ ਮੈਂ ਗੋਲ ਮਿਸ ਕੀਤਾ। ਸਡਨ ਡੈੱਥ ਵਿਚ ਅਸੀਂ ਪੈਨਲਟੀ ਸਟ੍ਰੋਕ ਖੁੰਝਿਆ ਤੇ ਟਾਈਬ੍ਰੇਕਰ ਵਿਚ ਹਾਰ ਗਏ ਸੀ।''
ਉਸ ਨੇ ਕਿਹਾ, ''ਹੁਣ ਸਾਡੇ ਕੋਲ ਮੌਕਾ ਸੀ ਉਸ ਦੁੱਖ ਨੂੰ ਦੂਰ ਕਰਨ ਦਾ। ਚੰਡੀਗੜ੍ਹ ਵਿਚ ਸਾਡੀਆਂ ਤਿਆਰੀਆਂ ਜਿਥੇ ਰੋਜ਼ ਸੈਂਕੜੇ ਲੋਕ ਅਭਿਆਸ ਦੇਖਣ ਆਉਂਦੇ ਸਨ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਅਤੇ ਉਮਰਾਓ ਸਿੰਘ ਖੇਡ ਮੰਤਰੀ ਸਨ, ਜਿਹੜੇ ਹਫਤੇ ਵਿਚ 1 ਵਾਰ ਮੈਦਾਨ 'ਤੇ ਆਉਂਦੇ ਸਨ। ਸਾਡੇ ਹੌਸਲੇ ਬੁਲੰਦ ਸਨ।''
ਉਥੇ ਹੀ ਸੈਮੀਫਾਈਨਲ ਵਿਚ ਮਲੇਸ਼ੀਆ ਵਿਰੁੱਧ ਬਰਾਬਰੀ ਦਾ ਗੋਲ ਕਰਕੇ ਭਾਰਤ ਨੂੰ ਫਾਈਨਲ ਦੀ ਦੌੜ ਵਿਚ ਪਹੁੰਚਾਉਣ ਵਾਲੇ ਅਸਮਲ ਸ਼ੇਰ ਖਾਨ ਨੇ ਕਿਹਾ, ''ਅਸੀਂ ਚੰਡੀਗੜ੍ਹ ਵਿਚ ਤੈਅ ਕਰਕੇ ਨਿਕਲੇ ਸੀ ਕਿ ਜਿੱਤ ਕੇ ਹੀ ਪਰਤਾਂਗੇ। ਇਹ ਪੱਕਾ ਇਰਾਦਾ ਸਾਡੀ ਜਿੱਤ ਦੀ ਕੂੰਜੀ ਸੀ। ਅਸੀਂ ਦੇਸ਼ ਲਈ ਜਿੱਤਣਾ ਚਾਹੁੰਦੇ ਸੀ ਤੇ ਇਹ ਜਜ਼ਬਾ ਟੀਮ ਦੇ ਹਰ ਮੈਂਬਰ ਵਿਚ ਸੀ।'' ਉਸ ਨੇ ਕਿਹਾ, ''ਸੈਮੀਫਾਈਨਲ ਵਿਚ ਜਦੋਂ ਮੈਨੂੰ ਉਤਾਰਿਆ ਗਿਆ ਤਦ ਭਾਰਤ ਪਿੱਛੇ ਸੀ ਤੇ ਮੇਰੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਪਲ ਰਿਹਾ ਜਦੋਂ ਮੈਂ 65ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਹਾਰ ਦੇ ਕੰਢੇ 'ਤੇ ਪਹੁੰਚ ਕੇ ਮਿਲੀ ਜਿੱਤ ਨੇ ਸਾਡੇ ਹੌਸਲੇ ਬੁਲੰਦ ਕੀਤੇ ਤੇ ਪਾਕਿਸਤਾਨ ਫਾਈਨਲ ਵਿਚ ਮਜ਼ਬੂਤ ਟੀਮ ਹੋਣ ਦੇ ਬਾਵਜੂਦ ਸਾਡੇ ਆਤਮਵਿਸ਼ਵਾਸ ਦਾ ਮੁਕਾਬਲਾ ਨਹੀਂ ਕਰ ਸਕਿਆ।''
ਉਥੇ ਹੀ ਅਸ਼ੋਕ ਕੁਮਾਰ ਨੇ ਕਿਹਾ, ''ਮੇਰੇ ਉੱਪਰ ਉਮੀਦਾਂ ਦਾ ਬੋਝ ਸੀ ਕਿਉਂਕਿ ਮੈਂ ਧਿਆਨਚੰਦ ਦਾ ਬੇਟਾ ਸੀ ਤੇ ਆਲੋਚਕਾਂ ਦੀਆਂ ਨਜ਼ਰਾਂ ਵੀ ਮੇਰੇ 'ਤੇ ਹੀ ਸਨ। ਮੈਂ ਇਸ ਨੂੰ ਹਾਂ-ਪੱਖੀ ਲਿਆ ਤੇ ਜਦੋਂ ਮਲੇਸ਼ੀਆ ਵਿਚ ਹੋਟਲ ਪਹੁੰਚਿਆ ਤਾਂ ਲੌਬੀ ਵਿਚ ਰੱਖੇ ਵਿਸ਼ਵ ਕੱਪ ਨੂੰ ਦੇਖ ਕੇ ਪ੍ਰਣ ਕੀਤਾ ਕਿ ਇਸ ਵਾਰ ਮੇਰੇ ਵੱਲੋਂ ਕੋਈ ਕਸਰ ਬਾਕੀ ਨਹੀਂ ਰਹੇਗੀ।''
ਫਾਈਨਲ  ਦੇ ਦਿਨ ਨੂੰ ਯਾਦ ਕਰਦੇ ਹੋਏ ਉਸ ਨੇ ਕਿਹਾ, ''ਫਾਈਨਲ ਵਾਲੇ ਦਿਨ ਪੂਰੇ ਦੇਸ਼ ਵਿਚ ਛੁੱਟੀ ਕਰ ਦਿੱਤੀ ਗਈ ਸੀ ਤੇ ਰੇਡੀਓ 'ਤੇ ਕੁਮੈਂਟਰੀ ਸੁਣਨ ਲਈ ਮੰਨੋ ਜਿਵੇਂ ਪੂਰਾ ਭਾਰਤ ਕੰਨ ਲਾਈ ਬੈਠਾ ਸੀ।'' ਅਸਲਮ ਨੇ ਦੱਸਿਆ ਕਿ ਜਿੱਤ ਤੋਂ ਬਾਅਦ ਮਲੇਸ਼ੀਆ ਵਿਚ ਭਾਰਤੀ ਭਾਈਚਾਰਾ ਜਸ਼ਨ ਵਿਚ ਡੁੱਬ ਗਿਆ ਤੇ ਹਰ ਜਗ੍ਹਾ ਭਾਰਤੀ ਟੀਮ ਦੇ ਸਵਾਗਤ ਵਿਚ ਹਜ਼ਾਰਾਂ ਲੋਕ ਆਟੋਗ੍ਰਾਫ ਤੇ ਫੋਟੋਆਂ ਲਈ ਖੜ੍ਹੇ ਰਹਿੰਦੇ ਸਨ। ਉਸ ਨੇ ਕਿਹਾ  ਕਿ ਭਾਰਤ ਪਰਤਣ ਤੋਂ ਬਾਅਦ ਨਾਇਕਾਂ ਦੀ ਤਰ੍ਹਾਂ ਟੀਮ ਦਾ ਸਵਾਗਤ ਕੀਤਾ ਗਿਆ।

Gurdeep Singh

This news is Content Editor Gurdeep Singh