IPL ਫਾਈਨਲ ਦੇ ਸਭ ਤੋਂ ਵੱਡੇ ਵਿਵਾਦ, ਵਾਟਸਨ-ਪੋਲਾਰਡ ਨੇ ਕੀਤੀ ਸੀ ਇਹ ਗਲਤੀ

05/14/2019 2:32:04 PM

ਨਵੀਂ ਦਿੱਲੀ : ਆਈ. ਪੀ. ਐੱਲ. 2019 ਦੇ ਫਾਈਨਲ ਮੈਚ ਵਿਚ ਮੁੰਬਈ ਨੇ ਚੇਨਈ ਨੂੰ ਆਖਰੀ ਗੇਂਦ 'ਤੇ ਇਕ ਦੌੜ ਨਾਲ ਹਰਾ ਕੇ ਚੌਥੀ ਵਾਰ ਖਿਤਾਬ ਆਪਣੇ ਨਾਂ ਕੀਤਾ। ਮੁੰਬਈ ਦੀ ਟੀਮ ਨੇ ਫਾਈਨਲ ਵਿਚ 8 ਵਿਕਟਾਂ 'ਤੇ 149 ਦੌੜਾਂ ਬਣਾਈਆਂ ਪਰ ਚੇਨਈ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 148 ਦੌੜਾਂ ਹੀ ਬਣਾ ਸਕੀ। ਸਿਰਫ ਇਕ ਦੌੜ ਦਾ ਫਰਕ ਚੇਨਈ ਨੂੰ ਚੌਥੀ ਜਿੱਤ ਤੋਂ ਵਾਂਝਿਆ ਕਰ ਗਿਆ। ਹੁਣ ਵਿਵਾਦਾਂ ਦੇ ਬਾਰੇ ਵਿਚ ਜੋ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਫਾਈਨਲ ਮੁਕਾਬਲੇ ਦੌਰਾਨ ਦੇਖਣ ਨੂੰ ਮਿਲੇ।

ਅੰਪਾਇਰ ਨਾਲ ਭਿੜੇ ਪੋਲਾਰਡ

ਮੁੰਬਈ ਵੱਲੋਂ ਕੈਰੇਬੀਆਈ ਬੱਲੇਬਾਜ਼ ਕਾਇਰਨ ਪੋਲਾਰਡ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਪੋਲਾਰਡ ਨੇ ਅਜੇਤੂ 41 ਦੌੜਾਂ ਦੀ ਪਾਰੀ ਖੇਡੀ। ਮੁੰਬਈ ਦੀ ਪਾਰੀ ਦੇ ਆਖਰੀ ਓਵਰ ਵਿਚ ਪੋਲਾਰਡ ਲਾਗਾਤਾਰ ਵਾਈਡ ਦੀ ਲਾਈਨ ਵੱਲ ਵੱਧ ਰਿਹਾ ਸੀ ਅਤੇ ਬ੍ਰਾਵੋ ਨੇ ਇਸ ਨੂੰ ਸਮਝਦਿਆਂ ਲਾਈਨ ਦੇ ਬਾਹਰ 3 ਗੇਂਦਾਂ ਸੁੱਟੀਆਂ। ਪਹਿਲੀ ਗੇਂਦ ਪੋਲਾਰਡ ਦੇ ਬੱਲੇ ਨਾਲ ਲੱਗੀ ਪਰ ਬਾਕੀ 2 ਗੇਂਦਾਂ ਨੂੰ ਅੰਪਾਇਰ ਨਿਤਿਨ ਮੈਨਨ ਨੇ ਵਾਈਡ ਨਹੀਂ ਦਿੱਤਾ। ਤੀਜੀ ਗੇਂਦ ਤੋਂ ਬਾਅਦ ਪੋਲਾਰਡ ਦਾ ਗੁੱਸਾ ਸਾਫ ਦੇਖਣ ਨੂੰ ਮਿਲਿਆ। ਉਸ ਨੇ ਗੁੱਸੇ ਵਿਚ ਬੱਲਾ ਹਵਾ ਵਿਚ ਉੱਛਾਲ ਦਿੱਤਾ। ਬ੍ਰਾਵੋ ਦੀ ਚੌਥੀ ਗੇਂਦ 'ਤੇ ਪੋਲਾਰਡ ਸਟੰਪ ਛੱਡ ਕੇ ਵਾਈਡ ਲਾਈਨ ਦੇ ਉੱਪਰ ਜਾ ਕੇ ਖੜੇ ਹੋ ਗਏ। ਜਦੋਂ ਬ੍ਰਾਵੋ ਗੇਂਦ ਸੁੱਟਣ ਆਏ ਤਾਂ ਪੋਲਾਰਡ ਪਿੱਚ ਤੋਂ ਬਾਹਰ ਚੱਲ ਗਏ ਜਿਸ ਕਾਰਨ ਬ੍ਰਾਵੋ ਨੂੰ ਰੁਕਣਾ ਪਿਆ। ਅੰਪਾਇਰ ਦਾ ਇਹ ਰਵੱਈਆ ਪੋਲਾਰਡ ਨੂੰ ਸਹੀ ਨਹੀਂ ਲੱਗਾ ਅਤੇ ਉਸ ਨੇ ਮੈਦਾਨ ਦੇ ਅੰਦਰ ਹੀ ਉਸ ਨੂੰ ਫਿੱਟਕਾਰ ਲਗਾਈ।

ਇਓਨ ਬਿਸ਼ਪ ਨੇ ਮੰਗੀ ਮੁਆਫੀ

ਮੈਚ ਵਿਚ ਇਕ ਗੇਂਦ ਅਜਿਹੀ ਵੀ ਸੁੱਟੀ ਗਈ ਸੀ ਜੋ ਖੇਡ ਦਾ ਪਾਸਾ ਪਲਟ ਸਕਦੀ ਸੀ। ਉਸ ਸਮੇਂ ਸ਼ੇਨ ਵਾਟਸਨ ਬੱਲੇਬਾਜ਼ੀ ਕਰ ਰਹੇ ਸੀ ਅਤੇ ਗੇਂਦਬਾਜ਼ੀ ਮਲਿੰਗਾ ਕਰ ਰਹੇ ਸੀ। ਇਸ ਦੌਰਾਨ ਮਲਿੰਗਾ ਨੇ ਇਕ ਗੇਂਦ ਵਾਈਡ ਸੁੱਟੀ ਸੀ, ਜਿਸ ਨੂੰ ਅੰਪਾਇਰ ਨੇ ਵਾਈਡ ਨਹੀਂ ਕਰਾਰ ਦਿੱਤਾ। ਇਸ 'ਤੇ ਸ਼ੇਨ ਵਾਟਸਨ ਦੇ ਮੁੰਹੋ ਕੁਝ ਇਤਰਾਜ਼ਯੋਗ ਸ਼ਬਦ ਨਿੱਕਲ ਗਏ। ਇਹ ਕੁਮੈਂਟਸ ਸਟੰਪ ਮਾਈਕ ਕਾਰਨ ਸੁਣੇ ਜਾ ਸਕੇ। ਇਸ 'ਤੇ ਕੁਮੈਂਟੇਟਰ ਇਓਨ ਬਿਸ਼ਪ ਨੇ ਬ੍ਰਾਡਕਾਸਟਰ ਵੱਲੋਂ ਮੁਆਫੀ ਵੀ ਮੰਗੀ।

ਧੋਨੀ ਦਾ ਰਨ ਆਊਟ

ਚੇਨਈ ਦੀ ਹਾਰ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਮਹਿੰਦਰ ਸਿੰਘ ਧੋਨੀ ਦੇ ਰਨ ਆਊਟ ਹੋਣ ਦੇ ਫੈਸਲੇ 'ਤੇ ਲੋਕ ਸਵਾਲ ਚੁੱਕ ਰਹੇ ਹਨ। 13ਵੇਂ ਓਵਰ ਵਿਚ ਹਾਰਦਿਕ ਪੰਡਯਾ ਦੀ ਚੌਥੀ ਗੇਂਦ 'ਤੇ ਸ਼ੇਨ ਵਾਟਸਨ ਨੇ ਸ਼ਾਰਟ ਲੈਗ ਵੱਲ ਖੇਡਿਆ ਅਤੇ ਦੌੜ ਲੈਣ ਭੱਜੇ। ਲਸਿਥ ਮਲਿੰਗਾ ਨੇ ਗਲਤ ਥ੍ਰੋਅ ਸੁੱਟਿਆ ਜਿਸ ਕਾਰਨ ਧੋਨੀ ਨੇ ਦੂਜੀ ਦੌੜ ਵੀ ਲੈਣ ਦੀ ਸੋਚੀ। ਗੇਂਦ ਇਸ਼ਾਨ ਕਿਸ਼ਨ ਦੇ ਹੱਥ ਵਿਚ ਗਈ ਅਤੇ ਉਸ ਨੇ ਗੇਂਦ ਸਟੰਪ ਵੱਲ ਮਾਰੀ। ਅੰਪਾਇਰ ਨੇ ਵੀ ਫੈਸਲਾ ਤੀਜੇ ਅੰਪਾਇਰ ਨੂੰ ਰੈਫਰ ਕੀਤਾ। ਟੀਵੀ ਰੀ ਪਲੇਅ ਵਿਚ ਕਿਸੇ ਐਂਗਲ ਵਿਚ ਧੋਨੀ ਪਹੁੰਚੇ ਦਿਸੇ ਅਤੇ ਕਿਸੇ ਐਂਗਲ ਵਿਚ ਉਹ ਕ੍ਰੀਜ਼ ਤੋਂ ਬਾਹਰ ਦਿਸੇ। ਅਜਿਹੇ ਹਾਲਾਤ ਵਿਚ ਫੈਸਲਾ ਬੱਲੇਬਾਜ਼ ਦੇ ਪੱਖ ਵਿਚ ਦਿੱਤਾ ਜਾਂਦਾ ਹੈ ਜੋ ਇਸ ਮੈਚ ਵਿਚ ਨਹੀਂ ਹੋਈਆ। ਤੀਜੇ ਅੰਪਾਇਰ ਨੇ ਧੋਨੀ ਨੂੰ ਆਊਟ ਕਰਾਰ ਦਿੱਤਾ ਜੋ ਅਜੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।