ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ BCCI ਆਇਆ ਅੱਗੇ

02/17/2019 2:52:31 PM

ਨਵੀਂ ਦਿੱਲੀ : ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸ਼ਹੀਦ ਹੋਏ 40 ਭਾਰਤੀ ਜਵਾਨਾਂ ਦਾ ਸ਼ੋਕ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਾਰੇ ਲੋਕ ਸ਼ੋਕ ਵਿਚ ਹਨ। ਅਜਿਹੇ 'ਚ ਇਨ੍ਹਾਂ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਬੀ. ਸੀ. ਸੀ. ਆਈ. ਨੇ ਵੀ ਵੱਡੀ ਪਹਿਲ ਕੀਤੀ ਹੈ।

ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੀ. ਕੇ. ਖੰਨਾ ਨੇ ਸੀ. ਓ. ਏ. ਚੀਫ ਵਿਨੋਦ ਰਾਏ ਨਾਲ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇਹ ਹਮਲਾ ਸ਼੍ਰੀਨਗਰ ਤੋ ਕਰੀਬ 30 ਕਿਲੋਮੀਟਰ ਦੂਰ ਲੇਥਪੋਰਾ ਇਲਾਕੇ ਵਿਚ ਹੋਇਆ ਸੀ।

ਪਾਕਿਸਤਾਨ ਦਾ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ (ਜੇ.ਈ.ਐੱਮ.) ਨੇ ਇਸ ਘੋਰ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਆਤਮਘਾਤੀ ਹਮਲਾਵਰ ਦਾ ਇਕ ਵੀਡੀਓ ਜਾਰੀ ਕੀਤਾ ਹੈ ਜਿਸ ਨੂੰ ਹਮਲੇ ਤੋਂ ਪਹਿਲਾਂ ਸ਼ੂਟ ਕੀਤਾ ਗਿਆ ਸੀ। ਹਮਲਾਵਰ ਦੀ ਪਹਿਚਾਣ ਕਮਾਂਡਰ ਆਦਿਲ ਅਹਿਮਦ ਦਾਰ ਦੇ ਰੂਪ 'ਚ  ਹੋਈ ਹੈ।

ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਟਵੀਟ ਕਰ ਕੇ ਕਿਹਾ ਸੀ ਕਿ ਉਹ ਸ਼ਹੀਦ ਜਵਾਨਾਂ ਦੇ ਬੱਚਿਆਂ ਨੂੰ ਆਪਣੇ ਸਕੂਲ ਸਹਿਵਾਗ ਇੰਟਰਨੈਸ਼ਨਲ ਵਿਚ ਮੁਫਤ ਸਿੱਖਿਆ ਮਹੱਈਆ ਕਰਾਉਣਗੇ। ਬੀਤੇ ਦਿਨੀ ਵਿਦਰਭ ਦੀ ਟੀਮ ਨੇ ਵੀ ਵੱਡਾ ਐਲਾਨ ਕੀਤਾ ਅਤੇ ਕਿਹਾ ਇਸ ਖਿਤਾਬ ਨਾਲ ਜਿੱਤੀ ਹੋਈ ਰਾਸ਼ੀ ਉਸ ਦੀ ਟੀਮ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਦੇਵੇਗੀ।

ਸੀ. ਕੇ. ਖੰਨਾ ਨੇ ਸੀ. ਓ. ਏ. ਨੂੰ ਲਿਖੇ ਪੱਤਰ ਵਿਚ ਕਿਹਾ, ''ਅਸੀਂ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿਚ ਭਾਰਤੀ ਨਾਗਰਕਾਂ ਦੇ ਦੁੱਖ ਵਿਚ ਸ਼ਾਮਲ ਹਾਂ। ਸਾਡੀ ਸੰਵੇਦਨਾ ਇਸ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਹੈ।'' 

ਖੰਨਾ ਨੇ ਆਪਣੀ ਚਿੱਠੀ ਵਿਚ ਸੀ. ਓ. ਏ. ਨੂੰ ਕਿਹਾ ਕਿ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਘੱਟੋਂ ਘੱਟ 5 ਕਰੋੜ ਰੁਪਏ ਦਾ ਯੋਗਦਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇ। ਉੱਥੇ ਹੀ ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬਿਆਂ ਅਤੇ ਆਈ. ਪੀ. ਐੱਲ. ਫ੍ਰੈਂਚਾਈਜ਼ੀਆਂ ਨੂੰ ਵੀ ਇਸ ਦੁੱਖ ਦੀ ਘੜੀ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ ਦੇਮ ਦੀ ਅਪੀਲ ਕੀਤੀ ਹੈ।

ਦੱਸਣਯੋਗ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਆਗਾਮੀ ਸੀਰੀਜ਼ ਵਿਚ ਪਹਿਲੇ ਮੈਚ ਤੋਂ ਪਹਿਲਾਂ ਅਤੇ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਪਹਿਲਾਂ ਇਸ ਘਟਨਾ 'ਤੇ ਸ਼ਰਧਾਂਜਲੀ ਦੇਣ ਲਈ 2 ਮਿੰਟ ਦਾ ਮੌਨ ਵੀ ਰੱਖਿਆ ਜਾਵੇਗਾ।