ਵਿੰਡੀਜ਼ ਟੀਮ ''ਚ ਵਾਪਸੀ ''ਤੇ 36 ਸਾਲਾ ਬ੍ਰਾਵੋ ਨੇ ਕਿਹਾ-ਫਿਰ ਤੋਂ ਬੱਚੇ ਵਰਗਾ ਕਰ ਰਿਹਾ ਹਾਂ ਮਹਿਸੂਸ

01/15/2020 2:15:59 PM

ਪੋਰਟ ਆਫ ਸਪੇਨ : ਲਗਭਗ ਤਿੰਨ ਸਾਲ ਬਾਅਦ ਵੈਸਟਇੰਡੀਜ਼ ਟੀਮ ਵਿਚ ਵਾਪਸੀ ਕਰਨ ਵਾਲੇ 36 ਸਾਲਾ ਡਵੇਨ ਬ੍ਰਾਵੋ ਨੇ ਕਿਹਾ ਕਿ ਉਹ ਬੱਚੇ ਵਰਗਾ ਮਹਿਸੂਸ ਕਰ ਰਿਹਾ ਹੈ। ਬ੍ਰਾਵੋ ਦਾ 2014 ਵਿਚ ਬੋਰਡ ਦੇ ਤਤਕਾਲੀਨ ਅਧਿਕਾਰੀਆਂ ਨਾਲ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਆਲਰਾਊਂਡਰ ਨੇ ਆਪਣਾ ਆਖਰੀ ਕੌਮਾਂਤਰੀ ਮੈਚ ਸਤੰਬਰ 2016 ਵਿਚ ਖੇਡਿਆ ਸੀ। ਬ੍ਰਾਵੋ ਨੇ ਕਿਹਾ, ''ਇਹ ਸ਼ਾਨਦਾਰ ਅਹਿਸਾਸ ਹੈ। ਮੈਂ ਫਿਰ ਤੋਂ ਬੱਚੇ ਵਰਗਾ ਮਹਿਸੂਸ ਕਰਨ ਲੱਗਾ ਹਾਂ ਜਦੋਂ ਤੋਂ ਮੈਨੂੰ ਵੈਸਟਇੰਡੀਜ਼ ਚੋਣ ਕਮੇਟੀ ਦੇ ਮੁਖੀ ਰੋਜਰ ਹਾਰਪਰ ਨੇ  ਕੀਤਾ ਤੇ ਕਿਹਾ ਕਿ ਟੀਮ ਵਿਚ ਤੇ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ 'ਤੇ ਤੁਹਾਡਾ ਸਵਾਗਤ ਹੈ।''



ਆਇਰਲੈਂਡ ਖਿਲਾਫ ਵੈਸਟਇੰਡੀਜ਼ ਦੀ ਟੀ-20 ਟੀਮ ਵਿਚ ਉਹ ਸਭ ਤੋਂ ਵੱਧ ਉਮਰ ਦਾ ਖਿਡਾਰੀ ਹੈ। ਉਸ ਨੇ ਕਿਹਾ ਕਿ ਅਗਵਾਈ ਬਦਲਣ ਤੋਂ ਬਾਅਦ ਇਹ ਗੱਲ ਮੇਰੇ ਦੀਮਾਗ ਵਿਚ ਸੀ। ਇਸ ਲਈ ਮੈਂ ਇਸ ਖੇਤਰ ਦੀ ਫਿਰ ਤੋਂ ਨੁਮਾਈਂਦਗੀ ਕਰਨ ਦਾ ਮੌਕਾ ਮਿਲਣ 'ਤੇ ਖੁਸ਼ ਹਾਂ। ਮੈਂ ਆਪਣਾ ਸਰਵਸ੍ਰੇਸ਼ਠ ਦੇਣ ਲਈ ਤਿਆਰ ਹਾਂ। ਦੱਸ ਦਈਏ ਕਿ ਬ੍ਰਾਵੋ ਨੇ ਅਕਤੂਬਰ 2018 ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਪਰ ਉਹ ਲੀਗ ਮੈਚ ਖੇਡਦਾ ਰਿਹਾ। ਦਸੰਬਰ 2019 ਵਿਚ ਉਸ ਨੇ ਸੰਨਿਆਸ ਤੋਂ ਵਾਪਸੀ ਕੀਤੀ ਅਤੇ ਇਸ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਤੋਂ ਪਹਿਲਾਂ ਖੁਦ ਨੂੰ ਚੋਣ ਲਈ ਉਪਲੱਬਧ ਰੱਖਿਆ।