ਤਜਿੰਦਰਪਾਲ, ਹੀਮਾ ਤੇ ਨੀਰਜ  ਨੇ ਕਾਮਨਵੈਲਥ ਗੇਮਜ਼ ਲਈ ਕੀਤਾ ਕੁਆਲੀਫਾਈ

03/07/2018 2:37:43 AM

ਪਟਿਆਲਾ (ਬਲਜਿੰਦਰ)- ਕਾਮਨਵੈਲਥ ਤੋਂ ਪਹਿਲਾਂ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਵਿਖੇ ਚੱਲ ਰਹੇ 22ਵੇਂ ਫੈੱਡਰੇਸ਼ਨ ਕੱਪ ਨੈਸ਼ਨਲ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ-2018 'ਚ ਅੱਜ ਦੇਸ਼ ਦੇ ਤਿੰਨ ਨਾਮੀ ਖਿਡਾਰੀਆਂ ਨੇ ਕਾਮਨਵੈਲਥ ਗੇਮਜ਼ ਲਈ ਕੁਆਲੀਫਾਈ ਕਰ ਲਿਆ ਹੈ। ਸ਼ਾਟਪੁਟ 'ਚ ਪੰਜਾਬ ਦੇ ਤਜਿੰਦਰਪਾਲ ਸਿੰਘ ਤੁਰ ਨੇ ਕੁਆਲੀਫਾਈ ਕੀਤਾ। ਉਸ ਨੇ 20.24 ਮੀਟਰ ਗੋਲਾ ਸੁੱਟ ਕੇ ਫੈੱਡਰੇਸ਼ਨ ਕੱਪ ਵਿਚ ਸੋਨ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਨੈਸ਼ਨਲ ਰਿਕਾਰਡ ਹੋਲਡਰ ਅਤੇ ਸਟਾਰ ਖਿਡਾਰੀ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿਚ ਅੱਜ ਆਪਣਾ ਫੈੱਡਰੇਸ਼ਨ ਕੱਪ ਦਾ 85.63 ਦਾ ਰਿਕਾਰਡ ਤੋੜਦੇ ਹੋਏ 85.94 ਜੈਵਲਿਨ ਥ੍ਰੋਅ ਸੁੱਟ ਕੇ ਫੈੱਡਰੇਸ਼ਨ ਕੱਪ ਵਿਚ ਜਿੱਥੇ ਪਹਿਲਾ ਸਥਾਨ ਹਾਸਲ ਕੀਤਾ, ਉਥੇ  ਹੀ ਕਾਮਨਵੈਲਥ ਗੇਮਜ਼ ਵਿਚ ਕੁਆਲੀਫਾਈ ਵੀ ਕਰ ਲਿਆ। ਇਥੇ ਦੱਸਣਯੋਗ ਹੈ ਕਿ ਨੈਸ਼ਨਲ ਰਿਕਾਰਡ 86.48 ਵੀ ਨੀਰਜ ਚੋਪੜਾ ਦੇ ਨਾਂ ਹੀ ਹੈ। ਤੀਜੇ ਖਿਡਾਰੀ 400 ਮੀਟਰ ਮਹਿਲਾਵਾਂ ਵਿਚ ਹੀਮਾ ਦਾਸ ਨੇ ਨੈਸ਼ਨਲ ਗੇਮ ਲਈ ਕੁਆਲੀਫਾਈ ਕੀਤਾ। ਉਸਨੇ 51.97 ਸੈਕਿੰਡ ਦਾ ਸਮਾਂ ਲੈ ਕੇ 400 ਮੀਟਰ ਦੌੜ ਤੈਅ ਕੀਤੀ, ਜਦਕਿ ਕਾਮਨਵੈਲਥ ਵਿਚ ਕੁਆਲੀਫਾਈ ਕਰਨ ਲਈ 52 ਸੈਕਿੰਡ ਵਿਚ ਇਹ ਦੂਰੀ ਤੈਅ ਕਰਨੀ ਸੀ, ਜਿਸ ਨੂੰ ਉਸ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਤਹਿ ਕਰ ਲਿਆ।


ਅੱਜ ਹੋਏ ਮੁਕਾਬਲਿਆਂ ਵਿਚ ਸ਼ਾਟਪੁਟ ਵਿਚ ਪੰਜਾਬ ਦੇ ਤਜਿੰਦਰਪਾਲ ਸਿੰਘ ਤੁੜ ਨੇ 20.24 ਮੀਟਰ ਸੁੱਟ ਕੇ ਪਹਿਲਾ ਸਥਾਨ, ਹਰਿਆਣਾ ਦੇ ਨਵੀਨ ਚਿੱਤਕਾਰਾ ਨੇ 19.57 ਮੀਟਰ ਨਾਲ ਦੂਜਾ ਅਤੇ ਕੇਰਲਾ ਦੇ ਐਲਫਿਨ ਵੀ. ਪੀ. ਨੇ 17.46 ਮੀਟਰ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ।
ਜੈਵਲਿਨ ਥ੍ਰੋਅ ਵਿਚ ਹਰਿਆਣਾ ਦੇ ਨੀਰਜ ਚੋਪੜਾ ਨੇ 85.94 ਮੀਟਰ ਨਾਲ ਪਹਿਲਾ, ਉੱਤਰ ਪ੍ਰਦੇਸ਼ ਦੇ ਅਮਿਤ ਕੁਮਾਰ ਨੇ 79.16 ਮੀਟਰ ਸੁੱਟ ਕੇ ਦੂਜਾ ਅਤੇ Àੁੱਤਰ ਪ੍ਰਦੇਸ਼ ਦੇ ਸ਼ਿਵਪਾਲ ਸਿੰਘ ਨੇ 78.31 ਮੀਟਰ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ।
ਪੁਰਸ਼ ਵਰਗ ਦੇ 400 ਮੀਟਰ ਦੇ ਹੋਏ ਮੁਕਾਬਲਿਆਂ ਵਿਚ ਕੇਰਲ ਦੇ ਮੁਹੰਮਦ ਅਨਾਸ ਨੇ 46.13 ਸੈਕਿੰਡ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਹਾਲਾਂਕਿ ਉਹ ਕੁਆਲੀਫਾਈ ਕਰਨ ਲਈ ਖੁੰਝ ਗਿਆ। 400 ਮੀਟਰ ਵਿਚ ਅਮੋਜ ਜੈਕਬ ਨੇ 46.74 ਸੈਕਿੰਡ ਦਾ ਸਮਾਂ ਲੈ ਕੇ ਦੂਜਾ ਅਤੇ ਕੇਰਲ ਦੇ ਹੀ ਕੁਨਹੂ ਮੁਹੰਮਦ ਨੇ 46.85 ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਮਹਿਲਾਵਾਂ ਦੇ 800 ਮੀਟਰ ਵਰਗ ਰੇਸ ਵਿਚ ਪੱਛਮੀ ਬੰਗਾਲ ਦੀ ਸਿਪਰਾ ਸਾਰਕਰ ਨੇ 2:05.75 ਸੈਕਿੰਡ ਦਾ ਸਮਾਂ ਲੈ ਕੇ ਪਹਿਲਾ, ਵੈਸਟ ਬੰਗਾਲ ਦੀ ਹੀ ਲੀਲੀ ਦਾਸ ਨੇ 2:06.42 ਸੈਕਿੰਡ ਦਾ ਸਮਾਂ ਲੈ ਕੇ ਦੂਜਾ, ਕਰਨਾਟਕਾ ਦੀ ਵਿਜੇ ਕੁਮਾਰੀ ਜੀ. ਕੇ. ਨੇ 2:07.11 ਲੈ ਕੇ ਤੀਜਾ ਸਥਾਨ ਹਾਸਲ ਕੀਤਾ। 
ਪੁਰਸ਼ਾਂ ਦੇ 800 ਮੀਟਰ ਵਰਗ ਵਿਚ ਕੇਰਲ ਦੇ ਜਿਨਸੋਨ ਜੋਨਸਨ ਨੇ 1:46.32 ਦਾ ਸਮਾਂ ਲੈ ਕੇ ਪਹਿਲਾ, ਹਰਿਆਣਾ ਦੇ ਮਨਜੀਤ ਸਿੰਘ ਨੇ 1:46.42 ਦਾ ਸਮਾਂ ਲੈ ਕੇ ਦੂਜਾ, ਕੇਰਲਾ ਦੇ ਮੁਹੰਮਦ ਅਫਸਾਂ ਨੇ 1:48.17 ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਲੌਂਗ ਜੰਪ ਮਹਿਲਾ ਵਰਗ ਵਿਚ ਕੇਰਲ ਦੀ ਨਾਇਨਾ ਜੇਮਜ਼ ਨੇ 6.51 ਮੀਟਰ ਛਲਾਂਗ ਨਾਲ ਪਹਿਲਾ ਸਥਾਨ ਹਾਸਲ ਕੀਤਾ, ਕੇਰਲ ਦੀ ਨੀਨਾ ਪਿੰਟੋ ਨੇ 6.28 ਮੀਟਰ ਨਾਲ ਦੂਜਾ, ਕੇਰਲ ਦੀ ਹੀ ਰਿੰਟੁ ਮੈਥਿਊ ਨੇ 6.07 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ।